ਮਹਿਲ ਕਲਾਂ, 6 ਮਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੀ ਇਕ ਅਹਿਮ ਇਕੱਤਰਤਾ ਦੌਰਾਨ ਕਿਸਾਨ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਤਹਿ ਕੀਤੇ ਹੱਦ ਕਰਜ਼ੇ ਅਨੁਸਾਰ ਸਾਉਣੀ ਦੀ ਫ਼ਸਲ ਲਈ ਫ਼ਸਲੀ ਕਰਜ਼ਾ ਤੁਰੰਤ ਮੁਹੱਈਆ ਕਰਵਾਇਆ ਜਾਵੇ | ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਸਹਿਕਾਰੀ ਬੈਂਕਾਂ ਦਾ ਘਿਰਾਉ ਕਰਨ ਲਈ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ | ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਪਿਛਲੇ ਲਗਭਗ ਸੱਤ ਸਾਲਾਂ ਤੋਂ ਪ੍ਰਤੀ ਏਕੜ ਹੱਦ ਕਰਜ਼ੇ ਦੀ ਲਿਮਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ | ਇਸ ਦੌਰਾਨ ਖੇਤੀਬਾੜੀ ਨਾਲ ਜੁੜੀਆਂ ਲਾਗਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਲੋੜ ਅਨੁਸਾਰ ਕਰਜ਼ਾ ਨਹੀਂ ਮਿਲ ਰਿਹਾ | ਸਰਕਾਰ ਵਲੋਂ ਇਸ ਸਾਲ ਹੱਦ ਕਰਜ਼ੇ ਦੀ ਲਿਮਟ 25,440 ਰੁਪਏ ਤੋਂ ਵਧਾ ਕੇ 39,000 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ 1 ਅਪ੍ਰੈਲ ਤੋਂ ਲਾਗੂ ਹੋਣਾ ਚਾਹੀਦਾ ਸੀ, ਪਰ ਅਪ੍ਰੈਲ ਮਹੀਨਾ ਬੀਤ ਜਾਣ ਦੇ ਬਾਵਜੂਦ ਸਹਿਕਾਰੀ ਬੈਂਕ ਇਸ ਨੂੰ ਲਾਗੂ ਕਰਨ ਤੋਂ ਆਨਾ ਕਾਨੀ ਕਰ ਰਹੇ ਹਨ | ਕਿਸਾਨ ਆਗੂਆਂ ਨੇ ਸਹਿਕਾਰੀ ਬੈਂਕ ਕਰਮਚਾਰੀਆਂ ਵਲੋਂ ਅੱਜ (6 ਮਈ) ਨੂੰ ਦੋ ਘੰਟੇ ਦੀ ਕਲਮ ਛੋੜ ਹੜਤਾਲ ਦੇ ਨੋਟਿਸ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸਾਂਝੇ ਹਿਤਾਂ ਵਿਰੁੱਧ ਕਰਾਰ ਦਿੱਤਾ | ਉਨ੍ਹਾਂ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇ, ਨਾ ਕਿ ਹੱਦ ਕਰਜ਼ੇ ਦੀ ਪ੍ਰਕਿਰਿਆ ਰੋਕੀ ਜਾਵੇ | ਆਗੂਆਂ ਨੇ ਦੱਸਿਆ ਕਿ ਕਿਸਾਨਾਂ ਵਲੋਂ ਹਾੜੀ ਦੀ ਫ਼ਸਲ ਵੇਚ ਕੇ ਪਿਛਲਾ ਕਰਜ਼ਾ ਵਾਪਸ ਕਰ ਦਿੱਤਾ ਗਿਆ ਹੈ, ਪਰ ਹੁਣ ਸਾਉਣੀ ਦੀ ਫ਼ਸਲ ਲਈ ਲੋੜੀਂਦਾ ਕਰਜ਼ਾ ਨਾ ਮਿਲਣ ਕਾਰਨ ਮੁਸ਼ਕਲਾਂ ਵਧ ਰਹੀਆਂ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦੇ ਹੋਏ ਕਿਹਾ ਕਿ ਵਧੇ ਹੋਏ ਹੱਦ ਕਰਜ਼ੇ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ | ਕਿਸਾਨਾਂ ਨੇ ਸਪਸ਼ਟ ਕੀਤਾ ਕਿ ਜੇ ਇਹ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਜਥੇਬੰਦੀ ਵਲੋਂ ਸਹਿਕਾਰੀ ਬੈਂਕਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਜੱਗਾ ਸਿੰਘ ਮਹਿਲ ਕਲਾਂ, ਦਾਰਾ ਸਿੰਘ, ਰਾਮ ਸਿੰਘ ਠੁੱਲੀਵਾਲ, ਬਲਵੀਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਮਨਾਲ, ਭਿੰਦਰ ਸਿੰਘ ਸਹੌਰ, ਅਮਰਜੀਤ ਸਿੰਘ ਖ਼ਿਆਲੀ, ਕਰਮਜੀਤ ਸਿੰਘ, ਭਿੰਦਰ ਸਿੰਘ ਮੂੰਮ, ਸਤਪਾਲ ਸਿੰਘ ਆਦਿ ਹਾਜ਼ਰ ਸਨ |