ਸ਼ਹਿਣਾ, 6 ਮਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਆਉਣ ਵਾਲੇ ਮਾਨਸੂਨ ਮੌਸਮ ਤੋਂ ਪਹਿਲਾਂ ਪਿੰਡਾਂ ਦੇ ਸਾਂਝੇ ਛੱਪੜਾਂ ਨੂੰ ਖ਼ਾਲੀ ਕਰਵਾਏ ਜਾਣ ਲਈ ਪੰਚਾਇਤਾਂ ਨੂੰ ਫ਼ੁਰਮਾਨ ਜਾਰੀ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਪੰਜਾਬ ਵਿਚ ਹੜ੍ਹਾਂ ਕਾਰਨ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਸੀ | ਜਿਸ ਦੀ ਪੂਰਤੀ ਲਈ ਜਿੱਥੇ ਸਰਕਾਰ ਨੇ ਯਤਨ ਕੀਤੇ, ੳੱੁਥੇ ਦੂਜੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਮਾਲਵੇ ਦੇ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੈਰਾਂ ਸਿਰ ਕਰਨ ਲਈ ਵੱਡਾ ਯੋਗਦਾਨ ਪਾਇਆ | ਅਜੋਕੇ ਸਮੇਂ ਦੌਰਾਨ ਭਾਵੇਂ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਮੱਦੇਨਜ਼ਰ ਛੱਪੜ੍ਹਾਂ ਦੀ ਸਫ਼ਾਈ ਕਰਵਾਉਣ ਦਾ ਪੰਚਾਇਤਾਂ ਨੂੰ ਫ਼ਰਮਾਨ ਜਾਰੀ ਕਰ ਰਹੀ ਹੈ, ਪਰ ਛੱਪੜਾਂ ਦੀ ਸਫ਼ਾਈ ਦੇ ਨਾਲ ਛੱਪੜਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਏ ਜਾਣ ਦਾ ਵੀ ਜੰਗੀ ਪੱਧਰ 'ਤੇ ਉਪਰਾਲਾ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਬਲਾਕ ਸ਼ਹਿਣਾ ਦੇ ਪਿੰਡਾਂ ਵਿਚ ਵੱਡੀ ਪੱਧਰ 'ਤੇ ਸਾਂਝੇ ਛੱਪੜਾਂ ਨੂੰ ਕੁੱਝ ਅਸਰ ਰਸੂਖ਼ ਵਾਲੇ ਵਿਅਕਤੀਆਂ ਨੇ ਨਾਜਾਇਜ਼ ਕਬਜ਼ਿਆਂ ਹੇਠ ਮਿੱਟੀ ਪਾ ਕੇ ਕਰ ਲਿਆ ਹੈ | ਕੁੱਝ ਧਾਰਮਿਕ ਸੰਸਥਾਵਾਂ ਦੀ ਆੜ ਹੇਠ ਵੀ ਛੱਪੜਾਂ ਨੂੰ ਰੋਕਿਆ ਜਾ ਚੱੁਕਿਆ ਹੈ | ਜਿਸ ਲਈ ਪਿੰਡਾਂ ਦਾ ਗੰਦਾ ਪਾਣੀ ਛੱਪੜਾਂ ਦੀ ਅਣਹੋਂਦ ਕਾਰਨ ਗਲੀਆਂ ਵਿਚ ਹੀ ਖੜ੍ਹ ਰਿਹਾ ਹੈ, ਕਿਉਂਕਿ ਛੱਪੜਾਂ ਦਾ ਦਾਇਰਾ ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜ ਜਾਣ ਕਾਰਨ ਪਿੰਡਾਂ ਦੇ ਘਰਾਂ ਵਿਚੋਂ ਆ ਰਿਹਾ ਵਾਧੂ ਪਾਣੀ ਵੀ ਝੱਲਣ ਤੋਂ ਅਸਮਰਥ ਹਨ | ਥੋੜੇ੍ਹ ਮੋਟੇ ਮੀਂਹ ਪੈਣ 'ਤੇ ਹੀ ਛੱਪੜਾਂ ਦਾ ਪਾਣੀ ਘਰਾਂ ਵਿਚ ਵੜ ਜਾਂਦਾ ਹੈ | ਜਿੱਥੇ ਪੰਜਾਬ ਸਰਕਾਰ ਵਲੋਂ ਛੱਪੜਾਂ ਦੀ ਸਫ਼ਾਈ ਦੇ ਨਾਲ ਛੱਪੜਾਂ ਦੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ੳੱੁਥੇ ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਵਿਚ ਨਾਜਾਇਜ਼ ਕਬਜਾਕਾਰਾਂ ਦੇ ਵਿਰੋਧ ਵਿਚ ਲਹਿਰ ੳੱੁਠਣੀ ਸ਼ੁਰੂ ਹੋ ਗਈ | ਪਿੰਡਾਂ ਵਿਚ ਆਪ ਮੁਹਾਰੇ ਲੋਕ ਸਰਕਾਰ ਦੀ ਇਸ ਮੁਹਿੰਮ ਵਿਚ ਸਾਥ ਦੇਣ ਲਈ ਆਪਣੀ ਪੱਧਰ 'ਤੇ ਇਕਜੁੱਟ ਹੋ ਰਹੇ ਹਨ | ਹਾੜੀ ਦਾ ਸੀਜ਼ਨ ਭਾਵੇਂ ਖ਼ਤਮ ਹੋਣ ਦੇ ਕੰਗਾਰ 'ਤੇ ਹੈ, ਪਰ ਲੋਕ ਝੋਨੇ ਦੀ ਫ਼ਸਲ ਲਾਉਣ ਤੱਕ ਵਿਹਲੇ ਹੋ ਜਾਣ ਉਪਰੰਤ ਸਰਕਾਰ ਵਲੋਂ ਛੱਪੜਾਂ ਨੂੰ ਖ਼ਾਲੀ ਕਰਵਾਏ ਜਾਣ ਦਾ ਯਤਨ ਆਰੰਭਿਆ ਜਾ ਰਿਹਾ ਹੈ, ਕਿਉਂਕਿ ਛੱਪੜਾਂ ਵਿਚ ਭਰੀ ਹੋਈ ਗਾਰ ਖ਼ਾਲੀ ਹੋਏ ਖੇਤਾਂ ਵਿਚ ਸੁੱਟੀ ਜਾ ਸਕੇਗੀ |