ਬਰਨਾਲਾ, 6 ਮਈ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਹੰਡਿਆਇਆ ਚੌਂਕ ਵਿਖੇ ਬਰਨਾਲਾ ਸ਼ਹਿਰ ਦੇ 69 ਕਰੋੜ ਤੋਂ ਵੱਧ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿਚ ਸੀਵਰੇਜ ਅਤੇ ਜਲ ਸਪਲਾਈ ਨੂੰ ਬਿਹਤਰ ਬਣਾਉਣ ਲਈ 83 ਕਰੋੜ ਰੁਪਏ ਖ਼ਰਚੇ ਜਾਣੇ ਹਨ | ਉਨ੍ਹਾਂ ਦੱਸਿਆ ਕਿ 6963.55 ਲੱਖ ਰੁਪਏ ਸਿਰਫ਼ ਸੀਵਰੇਜ ਦੇ ਨਿਕਾਸੀ ਸਿਸਟਮ ਲਈ ਖ਼ਰਚੇ ਜਾਣੇ ਹਨ ਤੇ ਇਸ ਕੰਮ ਲਈ ਟੈਂਡਰ ਲੱਗਣ ਤੋਂ ਬਾਅਦ ਹੁਣ ਸ਼ੁਰੂਆਤ ਹੋ ਗਈ ਹੈ | ਇਸ ਪ੍ਰੋਜੈਕਟ ਤਹਿਤ ਬਰਨਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ 65 ਕਿੱਲੋਮੀਟਰ ਲੰਬੀ ਪਾਇਪਲਾਈਨ ਪਾਈ ਜਾਣੀ ਹੈ ਜਿਸ ਮਗਰੋਂ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਜਿੱਥੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉੱਥੇ ਸੜਕਾਂ ਚੌੜੀਆਂ (10 ਤੋਂ 18 ਫੁੱਟ) ਵੀ ਕੀਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ 300 ਕਰੋੜ ਰੁਪਏ ਸਿਰਫ਼ ਜਲ ਸਰੋਤ ਮਹਿਕਮੇ ਰਾਹੀਂ ਲਿਆਂਦੇ ਗਏ ਹਨ ਜਿਸ ਨਾਲ ਖੇਤਾਂ ਵਿਚ ਪਾਈਪਲਾਈਨਾਂ ਪਾਈਆਂ ਗਈਆਂ ਹਨ, ਇਸ ਤੋਂ ਇਲਾਵਾ ਮੋਘੇ ਨਵੇਂ ਕੱਢਣ ਦੇ ਨਾਲ ਨਾਲ ਖਾਲ ਬਹਾਲ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਉਪਰਾਲਿਆਂ ਨਾਲ ਇਲਾਕੇ ਵਿਚ ਪਾਣੀ ਦਾ ਪੱਧਰ ਹੋਰ ਨੀਵਾਂ ਜਾਣ ਤੋਂ ਰੁਕਿਆ ਹੈ, ਕਿਉਂਕਿ ਨਹਿਰੀ ਪਾਣੀ ਦੀ ਲਾਗਤ ਵਧੀ ਹੈ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਐਕਸੀਅਨ ਸੀਵਰੇਜ ਬੋਰਡ ਐਸ.ਐਸ. ਢਿੱਲੋਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਨਛੱਤਰ ਸਿੰਘ (ਸਟੈਂਡਰਡ ਕੰਬਾਈਨ), ਮੱਖਣ ਸਿੰਘ (ਬਲਕਾਰ ਕੰਬਾਈਨ), ਗੁਰਮੇਲ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ |