ਬਰਨਾਲਾ, 8 ਮਈ (ਅਸ਼ੋਕ ਭਾਰਤੀ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਨੇ ਕਿਹਾ ਕਿ 'ਆਪ' ਸਰਕਾਰ ਨੇ ਆਪਣੇ ਕਾਰਜਕਾਲ ਦੇ ਚਾਰ ਸਾਲ ਬੀਤ ਜਾਣ 'ਤੇ ਵੀ ਮੁਲਾਜ਼ਮ ਵਰਗ ਦੀ ਕੋਈ ਵਿੱਤੀ ਮੰਗ ਪੂਰੀ ਨਹੀਂ ਕੀਤੀ ਜਿਸ ਕਰ ਕੇ ਸਮੂਹ ਮੁਲਾਜ਼ਮ ਵਰਗ 'ਚ ਸਰਕਾਰ ਪ੍ਰਤੀ ਭਾਰੀ ਰੋਸ ਹੈ, ਜਿਸ ਕਰ ਕੇ ਸਾਂਝੀਆਂ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਬਣੇ ਸਾਂਝੇ ਮੋਰਚੇ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵਲੋਂ ਆਪਣੀ ਪਲੇਠੀ ਸੂਬਾ ਪੱਧਰੀ ਰੈਲੀ 17 ਮਈ ਨੂੰ ਮੋਹਾਲੀ ਵਿਖੇ ਕੀਤੀ ਜਾਵੇਗੀ, ਜਿਸ ਵਿਚ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਬਲਾਕ ਪ੍ਰਧਾਨ ਸਤਪਾਲ ਤਪਾ, ਅੰਮਿ੍ਤ ਪਾਲ ਕੋਟਦੁੱਨਾ, ਮਾਲਵਿੰਦਰ ਬਰਨਾਲਾ ਨੇ ਕਿਹਾ ਕਿ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ, ਪਿਛਲੇ ਲੰਮੇ ਸਮੇਂ ਤੋਂ ਜਿੱਥੇ ਮੁਲਾਜ਼ਮਾਂ ਦਾ ਡੀ.ਏ.ਜਾਰੀ ਨਹੀਂ ਕੀਤਾ ਓਥੇ ਹੀ ਏ.ਸੀ.ਪੀ.ਸਕੀਮ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ 37 ਤਰ੍ਹਾਂ ਦੇ ਭੱਤੇ ਰੋਕ ਕੇ ਲਗਾਤਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਕੱਟ ਲਾਏ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਵਲੋਂ ਆਪਣੀਆਂ ਮਸ਼ਹੂਰੀਆਂ ਦੇ ਥਾਂ-ਥਾਂ ਬੋਰਡ ਲਾ ਕੇ ਖ਼ਜ਼ਾਨੇ ਦਾ ਕਰੋੜਾ ਰੁਪਏ ਲੁਟਾਇਆ ਜਾ ਰਿਹਾ ਹੈ | ਇਸ ਮੌਕੇ ਲਖਵੀਰ ਠੁੱਲੀਵਾਲ, ਬਲਜਿੰਦਰ ਪ੍ਰਭੂ, ਬਲਾਕ ਸਕੱਤਰ ਦਵਿੰਦਰ ਤਲਵੰਡੀ, ਰਘਬੀਰ ਕਰਮਗੜ੍ਹ, ਸੁਖਦੀਪ ਤਪਾ, ਪਲਵਿੰਦਰ ਠੀਕਰੀਵਾਲਾ, ਹੈੱਡਮਾਸਟਰ ਪ੍ਰਦੀਪ ਕੁਮਾਰ, ਸੁਖਪ੍ਰੀਤ ਬੜੀ, ਹਰਬਚਨ ਹੰਡਿਆਇਆ ਤੇ ਗੁਰਜੰਟ ਸਿੰਘ ਹਾਜ਼ਰ ਸਨ |