ਧਨੌਲਾ, 8 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਰੈੱਡ ਕਰਾਸ ਡੇ ਮਨਾਇਆ ਗਿਆ | ਇਸ ਮੌਕੇ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਨੇ ਬੱਚਿਆਂ ਨੂੰ ਪ੍ਰੈਕਟੀਕਲ ਤੌਰ 'ਤੇ ਸਿੱਖਿਅਤ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਹਰ ਸਾਲ 8 ਮਈ ਨੂੰ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡਿਊਨੇਂਟ ਦੇ ਜਨਮ ਦਿਵਸ 'ਤੇ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਅਤੇ ਹੈਨਰੀ ਡਿਊਨੇਂਟ ਦਾ ਜਨਮ 8 ਮਈ 1828 ਨੂੰ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਹੋਇਆ ਸੀ | ਉਨ੍ਹਾਂ ਦੱਸਿਆ ਕਿ 1859 ਨੂੰ ਸੇਲਫੇਰਿਨੋ (ਇਟਲੀ) 'ਚ ਭਿਆਨਕ ਯੁੱਧ ਹੋਇਆ ਸੀ | ਇਸ ਯੁੱਧ ਵਿਚ 40 ਹਜ਼ਾਰ ਤੋਂ ਵੱਧ ਫ਼ੌਜੀਆਂ ਦੀ ਮੌਤ ਹੋ ਗਈ ਸੀ ਅਤੇ ਜ਼ਖਮੀ ਫ਼ੌਜੀਆਂ ਦੀ ਦਸ਼ਾ ਦੇਖ ਕੇ ਹੈਨਰੀ ਡਿਊਨੇਂਟ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਫ਼ੌਜੀਆਂ ਦੀ ਮਦਦ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਸੀ | ਵਿਸ਼ਵ ਰੈੱਡ ਕਰਾਸ ਡੇ ਮਨਾਉਣ ਦਾ ਮੁੱਖ ਉਦੇਸ਼ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ ਅਤੇ ਸਿਹਤਮੰਦ ਰੱਖਣਾ ਹੈ ਅਤੇ ਇਸ ਨੂੰ ਪਹਿਲੀ ਵਾਰ 1948 'ਚ ਮਨਾਇਆ ਗਿਆ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸੰਸਥਾ ਲਗਭਗ 150 ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਇਸ ਮੌਕੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਰੈੱਡ ਕਰਾਸ ਡੇ 'ਤੇ ਭਾਈ ਘਨੱਈਆ ਦੇ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਉਨ੍ਹਾਂ ਨੇ ਵੀ ਮਨੁੱਖਤਾ ਦੀ ਅਥਾਹ ਸੇਵਾ ਕੀਤੀ | ਲੜਾਈਆਂ ਵਿਚ ਦੁਸ਼ਮਣਾਂ ਦੀ ਵੀ ਮੱਲ੍ਹਮ ਪੱਟੀ ਕੀਤੀ ਅਤੇ ਜ਼ਖਮੀਆਂ ਨੂੰ ਪਾਣੀ ਵੀ ਪਿਆਇਆ | ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਬੱਚਿਆਂ ਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਪ੍ਰੀਤ ਕਮਲ ਸ਼ਰਮਾ, ਵਾਈਸ ਪਿ੍ੰਸੀਪਲ ਜਸਵੀਰ ਕੌਰ ਅਤੇ ਮੈਡਮ ਅਮਨਦੀਪ ਕੌਰ ਆਦਿ ਹਾਜ਼ਰ ਸਨ |