ਬਰਨਾਲਾ, 12 ਮਈ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ, ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ: ਇੰਦੂ ਬਾਂਸਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਫਲੋਰੈਂਸ ਨਾਈਟਿੰਗੇਲ ਨੂੰ ਸਮਰਪਿਤ ਕਰ ਕੇ ਮਨਾਇਆ ਜਾਂਦਾ ਹੈ | ਉਨ੍ਹਾਂ 1853-1856 ਦੇ ਕਰੀਮੀਆ ਯੁੱਧ ਦੌਰਾਨ ਦਿਨ-ਰਾਤ ਨਿਰਸਵਾਰਥ ਸੇਵਾ ਨਿਭਾ ਕੇ ਅਨੇਕਾਂ ਸੈਨਿਕਾਂ ਦੀਆਂ ਜਾਨਾਂ ਬਚਾਈਆਂ ਸਨ | ਅੰਤਰਰਾਸ਼ਟਰੀ ਨਰਸਿੰਗ ਕੌਂਸਲ ਨੇ 1974 'ਚ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਉਣ ਦੀ ਪ੍ਰਵਾਨਗੀ ਦਿੱਤੀ ਸੀ | ਸਿਵਲ ਹਸਪਤਾਲ ਬਰਨਾਲਾ ਦੀਆਂ ਨਰਸਿੰਗ ਸਿਸਟਰਾਂ ਦਿਲਪ੍ਰੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਕੁਲਵੰਤ ਕੌਰ, ਮਨਜੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਸਤਨਾਮ ਕੌਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ | ਉਹ ਬੱਚੇ ਦੇ ਜਨਮ ਤੋਂ ਲੈ ਕੇ ਹਰ ਬਿਮਾਰੀ ਅਤੇ ਐਮਰਜੈਂਸੀ 'ਚ ਡਾਕਟਰਾਂ ਵਲੋਂ ਸੁਝਾਏ ਇਲਾਜ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਦੀਆਂ ਹਨ | ਨਰਸਿੰਗ ਸਟਾਫ਼ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਬਲਰਾਜ ਸਿੰਘ, ਫਸਿਲਿਟੀ ਮੈਨੇਜਰ ਪਿ੍ੰਸ ਗੁਪਤਾ, ਸਿਵਲ ਹਸਪਤਾਲ ਦਾ ਨਰਸਿੰਗ ਸਟਾਫ਼ ਅਤੇ ਏ.ਐਨ.ਐਮ ਹਾਜ਼ਰ ਸਨ |