ਬਰਨਾਲਾ, 12 ਮਈ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਸੰਸਦੀ ਕਾਰਵਾਈ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ 'ਮੌਕ ਪਾਰਲੀਮੈਂਟ' ਸੈਸ਼ਨ ਕਰਵਾਇਆ ਗਿਆ | ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰਾਜਨੀਤਿਕ ਸ਼ਖ਼ਸੀਅਤਾਂ ਦੇ ਰੂਪ ਵਿਚ ਸੰਸਦ ਦੀ ਅਸਲ ਕਾਰਵਾਈ ਦਾ ਦਿ੍ਸ਼ ਪੇਸ਼ ਕੀਤਾ | ਇਸ ਮੌਕੇ ਵਿਰੋਧੀ ਧਿਰ ਦੇ ਸੰਸਦਾਂ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ, ਵਾਤਾਵਰਨ ਦੀ ਸੰਭਾਲ, ਸਿਹਤ ਸਹੂਲਤਾਂ ਅਤੇ ਵਧਦੀ ਬੇਰੁਜ਼ਗਾਰੀ ਵਰਗੇ ਗੰਭੀਰ ਮੁੱਦਿਆਂ 'ਤੇ ਸੱਤਾਧਾਰੀ ਪਾਰਟੀ ਨੂੰ ਘੇਰਿਆ ਅਤੇ ਤਿੱਖੇ ਸਵਾਲ ਕੀਤੇ | ਦੂਜੇ ਪਾਸੇ, ਪ੍ਰਧਾਨ ਮੰਤਰੀ ਅਤੇ ਵੱਖ-ਵੱਖ ਮੰਤਰੀਆਂ ਦੀ ਭੂਮਿਕਾ ਨਿਭਾ ਰਹੇ ਵਿਦਿਆਰਥੀਆਂ ਨੇ ਬਹੁਤ ਹੀ ਸੂਝ-ਬੂਝ ਅਤੇ ਤਰਕਪੂਰਨ ਤਰੀਕੇ ਨਾਲ ਸਰਕਾਰ ਦਾ ਪੱਖ ਰੱਖਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ | ਸੈਸ਼ਨ ਦੌਰਾਨ ਇਕ ਅਹਿਮ ਬਿੱਲ ਵੀ ਪੇਸ਼ ਕੀਤਾ ਗਿਆ, ਜਿਸ 'ਤੇ ਦੋਵਾਂ ਧਿਰਾਂ ਵਿਚਾਲੇ ਲੰਮੀ ਬਹਿਸ ਤੋਂ ਬਾਅਦ ਵੋਟਿੰਗ ਕਰਵਾਈ ਗਈ | ਇਸ ਮੌਕੇ ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ, ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਅਤੇ ਵਾਇਸ ਪਿ੍ੰਸੀਪਲ ਮੈਡਮ ਸੁਮਨ ਨੇ ਕਿਹਾ ਕਿ ਅਜਿਹੇ ਸੈਸ਼ਨਾਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ, ਸਟੇਜ ਦਾ ਡਰ ਦੂਰ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |