ਤਪਾ ਮੰਡੀ, 12 ਮਈ (ਪ੍ਰਵੀਨ ਗਰਗ)-ਬੈਂਕਾਂ ਨੂੰ ਵਿਚੋਂ ਕੈਸ਼ ਨਾ ਮਿਲਣ ਕਾਰਨ ਖਾਤਾਧਾਰਕਾਂ ਨੂੰ ਜਿੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਏ.ਟੀ.ਐਮ. ਮਸ਼ੀਨਾਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ, ਜਿਨ੍ਹਾਂ ਵਿਚੋਂ ਵੀ ਕੈਸ਼ ਨਹੀਂ ਨਿਕਲ ਰਿਹਾ | ਜਿਸ ਕਰ ਕੇ ਖਾਤਾਧਾਰਕਾਂ ਨੂੰ ਹੋਰ ਵੀ ਨਿਰਾਸ਼ਾ ਝੱਲਣੀ ਪੈ ਰਹੀ ਹੈ | ਜਦ ਇਸ ਸਬੰਧੀ ਵੱਖ-ਵੱਖ ਬੈਂਕਾਂ ਪੀ.ਐਨ.ਬੀ, ਐਚ.ਡੀ.ਐਫ਼.ਸੀ. ਅਤੇ ਹੋਰ ਬੈਂਕਾਂ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਪਿੱਛੋਂ ਹੀ ਕੈਸ਼ ਦੀ ਸਪਲਾਈ ਘੱਟ ਆ ਰਹੀ ਹੈ, ਉਨ੍ਹਾਂ ਪਾਸ ਜਿਨ੍ਹਾਂ ਵੀ ਕੈਸ਼ ਜਮਾ ਹੋ ਰਿਹਾ ਹੈ, ਉਹ ਉਸ ਦੇ ਹਿਸਾਬ ਨਾਲ ਲੋੜ ਮੁਤਾਬਿਕ ਖਾਤਾਧਾਰਕਾਂ ਨੂੰ ਪੈਸੇ ਦੇ ਰਹੇ ਹਨ ਤਾਂ ਜੋ ਉਨ੍ਹਾਂ ਦਾ ਹੱਲ ਹੋ ਸਕੇ | ਇਸ ਸਬੰਧੀ ਖਾਤਾਧਾਰਕਾਂ ਨੇ ਕਿਹਾ ਕਿ ਇੱਕ ਪਾਸੇ ਭਿਆਨਕ ਗਰਮੀ ਪੈ ਰਹੀ ਹੈ, ਦੂਜੇ ਪਾਸੇ ਜਦ ਬੈਂਕਾਂ ਵਿਚੋਂ ਕੈਸ਼ ਨਾ ਹੋਣ ਸਬੰਧੀ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਦੇ ਚਲਦਿਆਂ ਖਾਤਾਧਾਰਕਾਂ 'ਚ ਬੈਂਕਾਂ ਦੀ ਇਸ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਪੈਸੇ ਕਢਵਾਉਣ ਨੂੰ ਲੈ ਕੇ ਬਜ਼ੁਰਗ, ਬੱਚੇ, ਨੌਜਵਾਨ ਅਤੇ ਅÏਰਤਾਂ ਇੱਕ ਏ.ਟੀ.ਐਮ. ਤੋਂ ਦੂਜੇ ਏ.ਟੀ.ਐਮ. ਤੱਕ ਭਟਕਦੇ ਨਜ਼ਰ ਆ ਰਹੇ ਹਨ | ਕਈ ਲੋਕ ਸਵੇਰੇ ਤੋਂ ਸ਼ਾਮ ਤੱਕ ਪੈਸੇ ਕਢਵਾਉਣ ਲਈ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਆਰ.ਬੀ.ਆਈ. ਨੂੰ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੈਂਕਾਂ ਅਤੇ ਏ.ਟੀ.ਐਮਾਂ. ਵਿਚ ਪੂਰਾ ਕੈਸ਼ ਉਪਲਬਧ ਕਰਵਾਇਆ ਜਾ ਸਕੇ |