ਟੱਲੇਵਾਲ, 13 ਮਈ (ਸੋਨੀ ਚੀਮਾ)-ਪਿਛਲੇ ਦਿਨੀਂ ਹਲਕਾ ਮਹਿਲ ਕਲਾਂ ਦੇ ਪਿੰਡਾਂ ਟੱਲੇਵਾਲ, ਬੀਹਲਾ, ਦੀਵਾਨਾ, ਗਹਿਲ, ਨਰੈਣਗੜ੍ਹ ਸੋਹੀਆਂ, ਭੋਤਨਾ ਆਦਿ ਤੋਂ ਇਲਾਵਾ ਹੋਰ ਪਿੰਡਾਂ ਵਿਚ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਮੰੂਗੀ ਤੇ ਮੱਕੀ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਇਲਾਵਾ ਗ਼ਰੀਬ ਮਜ਼ਦੂਰ ਪਰਿਵਾਰਾਂ ਜਿਨ੍ਹਾਂ ਵਲੋਂ ਠੇਕੇ 'ਤੇ ਲੈ ਕੇ ਸਬਜ਼ੀ ਦੀ ਕਾਸ਼ਤ ਕੀਤੀ ਗਈ ਸੀ ਵੀ ਫ਼ਨਾਹ ਹੋ ਗਈਆਂ, ਪਰ ਦੋ ਦਿਨ ਬੀਤਣ ਉਪਰੰਤ ਨਾ ਤਾਂ ਕਿਸੇ ਹਲਕੇ ਦੇ ਲੀਡਰ ਨੇ ਕਿਸਾਨਾਂ ਦੀ ਸਾਰ ਲਈ ਹੈ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਮੌਕਾ ਦੇਖਿਆ ਹੈ | ਇਹ ਸ਼ਬਦ ਬੀਬੀ ਬੇਅੰਤ ਕੌਰ ਖਹਿਰਾ ਸੂਬਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਅੱਧੀ ਦਰਜਨ ਪਿੰਡਾਂ ਵਿਚ ਵਿਚ ਜਿੱਥੇ ਵੱਡੀ ਪੱਧਰ 'ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਮੇਰੇ ਜੱਦੀ ਪਿੰਡ ਬੀਹਲਾ ਵਿਖੇ ਵੀ ਸੈਂਕੜੇ ਏਕੜ ਮੂੰਗੀ, ਮੱਕੀ ਅਤੇ ਸਬਜ਼ੀਆਂ ਪੂਰੀ ਤਰ੍ਹਾਂ ਗੜੇਮਾਰੀ ਕਾਰਨ ਤਬਾਹ ਹੋ ਗਈਆਂ ਹਨ, ਪਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਹਲਕਾ ਵਿਧਾਇਕ ਨੇ ਕਿਸਾਨਾਂ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਖ਼ਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਜਾਇਜ਼ਾ ਲਵੇ | ਉਨ੍ਹਾਂ ਕਿਹਾ ਕਿ ਸਰਕਾਰ 4 ਸਾਲਾਂ ਵਿਚ ਕਿਸਾਨਾਂ ਲਈ ਕੁੱਝ ਨਹੀਂ ਕਰ ਸਕੀ, ਤਾਂ ਘੱਟੋ-ਘੱਟ ਹੁਣ ਇਸ ਮੁਸੀਬਤ ਦੀ ਘੜੀ ਵਿਚ 50,000 ਪ੍ਰਤੀ ਏਕੜ ਮੁਆਵਜ਼ਾ ਦੇ ਕੇ ਵਾਅਦਾ ਪੂਰਾ ਕਰੇ |