ਸੰਗਰੂਰ, 13 ਮਈ (ਧੀਰਜ ਪਸੋਰੀਆ)- ਸੰਗਰੂਰ ਦੀ ਮਾਨ ਕਾਲੋਨੀ ਨੇੜਿਉਂ ਹੱਡਾਰੋੜੀ ਹਟਾਉਣ ਸਬੰਧੀ ਆਏ ਅਦਾਲਤੀ ਫ਼ੈਸਲੇ ਵਿੱਚ ਨਗਰ ਕੌਂਸਲ ਸੰਗਰੂਰ ਨੂੰ ਹੱਡਾ ਰੋੜੀ ਹਟਾਉਣ ਲਈ ਦਿੱਤੇ ਇੱਕ ਮਹੀਨੇ ਦੇ ਸਮੇਂ ਦੇ ਬੀਤ ਜਾਣ ਦੇ ਬਾਵਜੂਦ ਵੀ ਹੱਡਾਰੋੜੀ ਉਸੇ ਸਥਾਨ 'ਤੇ ਜਿਉਂ ਦੀ ਤਿਉਂ ਚੱਲ ਰਹੀ ਹੈ | ਮੁੱਦਈ ਪੱਖ ਦੇ ਵਕੀਲ ਸਿਮਰਨਦੀਪ ਸਿੰਘ ਬਲੱਗਣ ਨੇ 'ਅਜੀਤ' ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 2013 ਵਿਚ ਕਾਲੋਨੀ ਵਾਸੀਆਂ ਜਿੰਦਰ ਸਿੰਘ ਅਤੇ ਹੋਰਨਾਂ ਵੱਲੋਂ ਨਗਰ ਕੌਂਸਲ ਸੰਗਰੂਰ ਖ਼ਿਲਾਫ਼ ਅਦਾਲਤ ਵਿੱਚ ਹੱਡਾਰੋੜੀ ਨੂੰ ਹਟਾਉਣ ਸਬੰਧੀ ਦਾਅਵਾ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਮੁਕੰਮਲ ਹੋਣ 'ਤੇ 12 ਮਈ 2015 ਨੂੰ ਫੈਸਲਾ ਸੁਣਾਇਆ ਗਿਆ ਸੀ ਕਿ ਹੱਡਾਰੋੜੀ ਨੂੰ ਮਾਨ ਕਾਲੋਨੀ ਨੇੜਿਉਂ ਹਟਾਇਆ ਜਾਵੇ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੱਡਾਰੋੜੀ ਨੂੰ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਲਿਜਾਇਆ ਜਾਵੇ ਪਰ ਨਾ ਨਗਰ ਕੌਂਸਲ ਵਲੋਂ ਨਾ ਹੀ ਠੇਕੇਦਾਰ ਵਲੋਂ ਅਦਾਲਤ ਦੇ ਫ਼ੈਸਲੇ ਦੀ ਪ੍ਰਵਾਹ ਕੀਤੀ ਗਈ ਅਤੇ ਹੱਡਾਰੋੜੀ ਉਸੇ ਥਾਂ 'ਤੇ ਉਸੇ ਤਰ੍ਹਾਂ ਚੱਲਦੀ ਰਹੀ ਅਤੇ ਮਿ੍ਤਕ ਪਸ਼ੂਆਂ ਨੂੰ ਉੱਥੇ ਸੁੱਟਿਆ ਜਾਂਦਾ ਰਿਹਾ, ਜਿਸ ਖ਼ਿਲਾਫ਼ 2019 'ਚ ਫ਼ੈਸਲੇ ਸਬੰਧੀ ਕੰਟੈਮਪਟ ਪਟੀਸ਼ਨ ਪਾਈ ਗਈ | ਛੇ ਸਾਲਾਂ ਦੀ ਸੁਣਵਾਈ ਤੋਂ ਬਾਅਦ ਜੱਜ ਰੀਟਾ ਹੰਸ ਦੀ ਅਦਾਲਤ ਨੇ ਸਾਲ 2015 'ਚ ਹੋਏ ਫ਼ੈਸਲੇ ਨੂੰ ਲਾਗੂ ਕਰਵਾਉਣ ਦੇ ਹੁਕਮ ਜਾਰੀ ਕਰਦਿਆਂ 10 ਅਪ੍ਰੈਲ 2026 ਨੂੰ ਸੁਣਾਏ ਇੱਕ ਹੋਰ ਫ਼ੈਸਲੇ ਵਿੱਚ ਨਗਰ ਕੌਂਸਲ ਦਫ਼ਤਰ ਸੰਗਰੂਰ ਦੀਆਂ ਕੁਰਸੀਆਂ, ਮੇਜ਼, ਏ ਸੀ ਅਤੇ ਕਾਰਜ ਸਾਧਕ ਅਫ਼ਸਰ ਦੀ ਕਾਰ ਨੂੰ ਅਟੈਚ ਕਰਨ ਦੇ ਹੁਕਮ ਦਿੰਦਿਆਂ ਕਿਹਾ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਥਾਂ ਤੋਂ ਹੱਡਾਰੋੜੀ ਨੂੰ ਹਟਾਇਆ ਜਾਵੇ | ਜੇਕਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਿਵਲ ਕੈਦ ਕੀਤੀ ਜਾ ਸਕਦੀ ਹੈ | ਮੁੱਦਈ ਪੱਖ ਦੇ ਵਕੀਲ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹੱਡਾਰੋੜੀ ਵਿਖੇ ਮਿ੍ਤਕ ਪਸ਼ੂ ਉਸੇ ਤਰ੍ਹਾਂ ਹੀ ਲਿਆਂਦੇ ਜਾ ਰਹੇ ਹਨ, ਭਾਵ ਹੱਡਾਰੋੜੀ ਜਿਉਂ ਦੀ ਤਿਉਂ ਕਾਇਮ ਹੈ |