ਛਾਜਲੀ, 13 ਮਈ (ਅਜਾਇਬ ਸਿੰਘ ਨੀਲੋਵਾਲ) - ਬੀਤੇ ਕੱਲ੍ਹ ਥਾਣਾ ਛਾਜਲੀ ਦੇ ਸਾਹਮਣੇ ਬੋਹੜ ਦੇ ਰੁੱਖ 'ਤੇ ਚੜ੍ਹ ਕੇ ਹੰਗਾਮਾ ਕਰਨ ਵਾਲੇ ਵਿਅਕਤੀ 'ਤੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਛਾਜਲੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਛਾਜਲਾ ਨਾਮਕ ਵਿਅਕਤੀ ਥਾਣੇ ਦੇ ਬਾਹਰ ਆ ਕੇ ਉੱਚੀ ਆਵਾਜ਼ 'ਚ ਹੰਗਾਮਾ ਕਰਨ ਲੱਗ ਪਿਆ ਅਤੇ ਬਾਅਦ 'ਚ ਥਾਣੇ ਦੇ ਬਾਹਰ ਲੱਗੇ ਬੋਹੜ ਦੇ ਰੁੱਖ 'ਤੇ ਚੜ੍ਹ ਗਿਆ | ਪੁਲਿਸ ਵੱਲੋਂ ਕਈ ਵਾਰ ਸਮਝਾਉਣ ਅਤੇ ਹੇਠਾਂ ਉੱਤਰਨ ਲਈ ਕਹਿਣ ਦੇ ਬਾਵਜੂਦ ਵੀ ਉਹ ਹੇਠਾਂ ਨਹੀਂ ਉੱਤਰਿਆ | ਐਸ.ਐਚ.ਓ. ਵਿਨੋਦ ਕੁਮਾਰ ਨੇ ਅੱਗੇ ਕਿਹਾ ਕਿ ਕਾਫ਼ੀ ਸਮੇਂ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਕੇ ਕਾਬੂ ਕਰ ਲਿਆ | ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ, ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ | ਪੁਲਿਸ ਮੁਤਾਬਕ ਉਕਤ ਵਿਅਕਤੀ ਨੇ ਹੰਗਾਮਾ ਕਰਦੇ ਹੋਏ ਪੁਲਿਸ ਨੂੰ ਧਮਕੀਆਂ ਵੀ ਦਿੱਤੀਆਂ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਦੱਸਿਆ ਕਿ ਗੁਰਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ | ਪਰ ਮੁੜ ਹੰਗਾਮਾ ਕਰਨ ਅਤੇ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਨ ਕਾਰਨ ਪੁਲਿਸ ਨੇ ਐਸ.ਡੀ.ਐਮ. ਸੁਨਾਮ ਕੋਲ ਉਸ ਦੀ ਜ਼ਮਾਨਤ ਰੱਦ ਕਰਨ ਲਈ ਅਰਜ਼ੀ ਦਿੱਤੀ ਸੀ, ਅਦਾਲਤ ਵਲੋਂ ਜ਼ਮਾਨਤ ਰੱਦ ਕਰਨ ਉਪਰੰਤ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ |