ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਨਾਮਦੇਵ ਮਾਰਗ 'ਤੇ ਇਕ ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਲ 'ਚੋਂ ਛੁੱਟੀ ਹੋਣ 'ਤੇ ਬੱਚਿਆਂ ਨੂੰ ਘਰ ਲਿਜਾ ਰਹੀ ਮਾਂ ਅਤੇ ਬੱਚਿਆਂ ਨਾਲ ਵਾਪਰੇ ਹਾਦਸੇ 'ਚ ਸਕੂਲੀ ਬੱਚੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ, ਜਦ ਕਿ ਦੂਸਰੇ ਦੋ ਹੋਰ ਬੱਚਿਆਂ ਦਾ ਬਚਾਅ ਰਿਹਾ ਤੇ ਮਾਂ ਦੇ ਮਾਮੂਲੀ ਸੱਟਾਂ ਲੱਗੀਆਂ | ਜਾਣਕਾਰੀ ਅਨੁਸਾਰ ਪ੍ਰਵੀਨ ਰਾਣੀ ਵਾਸੀ ਤਪਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਸਕੂਲ 'ਚੋਂ ਛੁੱਟੀ ਹੋਣ ਉਪਰੰਤ ਘਰ ਲਿਜਾਣ ਲਈ ਆਈ ਸੀ | ਜਦੋਂ ਉਹ ਆਪਣੇ ਤਿੰਨ ਬੱਚਿਆਂ ਸਮੇਤ ਸਕੂਟਰੀ 'ਤੇ ਸਵਾਰ ਹੋ ਕੇ ਗ਼ਲਤ ਸਾਈਡ ਤੋਂ ਆਪਣੇ ਘਰ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ, ਜਿਸ ਨੂੰ ਇਕ ਮਹਿਲਾ ਚਲਾ ਰਹੀ ਸੀ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਜਿਸ ਕਾਰਨ ਇਸ ਹਾਦਸੇ 'ਚ ਸਕੂਲੀ ਬੱਚੀ ਅਰਚਨਾ ਦੇਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ, ਜਦ ਕਿ ਮਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਦੋ ਬੱਚਿਆਂ ਦਾ ਬਚਾਅ ਰਿਹਾ | ਇਸ ਹਾਦਸੇ 'ਚ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ, ਜਿਨ੍ਹਾਂ ਜ਼ਖ਼ਮੀ ਹੋਈ ਬੱਚੀ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮੁਢਲੀ ਸਹਾਇਤਾ ਦੇ ਕੇ ਬਾਹਰ ਰੈਫ਼ਰ ਕਰ ਦਿੱਤਾ | ਘਟਨਾ ਦਾ ਪਤਾ ਲਗਦੇ ਹੀ ਤਪਾ ਸਿਟੀ ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਸਨ |