ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ ਵਲੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ ਅਤੇ ਸਮੂਹ ਸਟਾਫ਼ ਨੇ ਦੱਸਿਆ ਗਿਆ ਕਿ ਸਾਰੇ ਕਰਮਚਾਰੀਆਂ ਨੂੰ ਫਰਵਰੀ ਤੋਂ ਬਾਅਦ ਦੀ ਤਨਖ਼ਾਹ ਨਹੀਂ ਮਿਲੀ ਹੈ | ਜਿਸ ਕਾਰਨ ਕਰਮਚਾਰੀਆਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਤਨਖ਼ਾਹ ਨਾ ਮਿਲਣ ਦਾ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਲੋਂ ਸੂਟ 314 ਆਫ਼ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ਵਿਚ ਪਏ ਮੁਆਵਜ਼ੇ ਦੀ ਰਕਮ 31,50,234/- ਰੁਪਏ ਅਦਾ ਕਰਨ ਦੀ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਕੋਰਟ 'ਚ ਦਿੱਤਾ ਗਿਆ ਹੈ | ਜਿਸ ਕਾਰਨ ਕੋਰਟ ਵਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ ਕਰ ਦਿੱਤਾ ਗਿਆ ਹੈ | ਸਮੂਹ ਸਟਾਫ਼ ਦੀ ਤਨਖ਼ਾਹ, ਬਿਜਲੀ ਬਿੱਲ, ਟੈਲੀਫ਼ੋਨ ਅਤੇ ਇੰਕਰੀਮੈਂਟ ਬਿੱਲ ਅਤੇ ਹੋਰ ਦਫ਼ਤਰ ਖ਼ਰਚੇ ਇਸ ਖਾਤੇ 'ਚੋਂ ਕੀਤੇ ਜਾਂਦੇ ਹਨ | ਜਦੋਂਕਿ ਉਕਤ ਕੇਸ 'ਚ ਨਾ ਹੀ ਪੰਚਾਇਤ ਸੰਮਤੀ ਪਾਰਟੀ ਹੈ ਅਤੇ ਨਾ ਹੀ ਇਸੇ ਕੇਸ ਨਾਲ ਪੰਚਾਇਤ ਸੰਮਤੀ ਬਰਨਾਲਾ ਦਾ ਕੋਈ ਸੰਬੰਧ ਹੈ | ਇਸ ਮੌਕੇ ਕਰਨਦੀਪ ਚੰਦੇਲ, ਸਵਰਨ ਸਿੰਘ, ਰੁਪਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਕਵਰਵੀਰ ਸਿੰਘ, ਲਾਭ ਸਿੰਘ, ਪੰਚਾਇਤ ਅਫ਼ਸਰ ਹਰਭਜਨ ਸਿੰਘ, ਅਮਨਦੀਪ ਕੌਰ, ਨਿਤਿਸ਼ ਕੁਮਾਰ, ਰਮਨਦੀਪ ਕੌਰ ਸੁਪਰਡੈਂਟ, ਰਾਜ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ |