ਟੱਲੇਵਾਲ, 13 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿੰਡ ਭੋਤਨਾ ਦੀ ਪੰਜਾਬ ਐਂਡ ਸਿੰਧ ਬੈਂਕ ਅੱਗੇ ਅੱਜ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ ਅਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਪਿੰਡ ਭੋਤਨਾ ਦੀ ਪੰਜਾਬ ਐਂਡ ਸਿੰਧ ਤੋਂ ਪਿੰਡ ਪੱਖੋਕੇ ਨਾਲ ਸੰਬੰਧਿਤ ਕਿਸਾਨ ਨਿਰਮਲ ਸਿੰਘ ਪੁੱਤਰ ਕਰਨੈਲ ਸਿੰਘ ਨੇ ਖੇਤੀਬਾੜੀ ਸੰਦਾਂ ਸੰਬੰਧੀ ਲੋਨ ਲਿਆ ਸੀ, ਪਰ ਬੈਂਕ ਵਲੋਂ ਉਕਤ ਕਿਸਾਨ ਤੋਂ 54 ਹਜ਼ਾਰ ਰੁਪਏ ਵਿਆਜ ਵੱਧ ਵਸੂਲਿਆ ਗਿਆ | ਜਿਸ ਦੇ ਸਬੰਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਵਲੋਂ ਬੈਂਕ ਅੱਗੇ ਪੀੜਤ ਕਿਸਾਨ ਦੇ ਹੱਕ ਵਿਚ ਧਰਨਾ ਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਮਾਂ ਬੈਂਕ ਅਧਿਕਾਰੀ ਕਿਸਾਨ ਤੋਂ ਵੱਧ ਵਸੂਲੀ ਰਕਮ ਸਬੰਧੀ ਮਾਮਲਾ ਨਹੀਂ ਨਿਪਟਾਉਂਦੇ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਦਰਸ਼ਨ ਸਿੰਘ ਚੀਮਾ, ਹਰੀ ਸਿੰਘ ਭਗਤਪੁਰਾ, ਜੀਤ ਸਿੰਘ ਭੋਤਨਾ, ਬਿੰਦਰ ਸਿੰਘ ਭੋਤਨਾ, ਗੁਰਪ੍ਰੀਤ ਸਿੰਘ ਸ਼ਹਿਣਾ, ਮਹਿੰਗਾ ਸਿੰਘ ਚੰੂਘਾ, ਚਰਨ ਸਿੰਘ ਪੱਖੋਕੇ, ਰਾਜਵਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਝੰਡਾ ਆਗੂ ਕਾਦੀਆਂ, ਗੁਰਦੀਪ ਸਿੰਘ ਪੱਖੋਕੇ, ਗੁਰਮੇਲ ਸਿੰਘ ਭੋਲਾ, ਚਰਨਜੀਤ ਸਿੰਘ ਪੱਖੋਕੇ, ਦਰਸ਼ਨ ਸਿੰਘ ਪੱਖੋਕੇ, ਬਲਜੀਤ ਸਿੰਘ ਸਿੱਧੂ, ਭੋਲਾ ਸਿੰਘ ਗਿੱਲ, ਭੂਰਾ ਸਿੰਘ ਪੱਖੋਕੇ, ਅਵਤਾਰ ਸਿੰਘ, ਭੋਲਾ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਪੱਖੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ | ਇਸ ਮੌਕੇ ਬੈਂਕ ਮੈਨੇਜਰ ਭਾਗੀਰਥ ਕੁਮਾਰ ਮਿਸਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਿਸਾਨ ਵਲੋਂ ਲਏ ਗਏ ਲੋਨ ਸਬੰਧੀ ਸਹੀ ਵਿਆਜ ਹੀ ਲਗਾਇਆ ਗਿਆ ਹੈ ਅਤੇ ਕੁੱਝ ਕਿਸ਼ਤਾਂ ਮਿਸ ਹੋਣ ਕਾਰਨ ਬੈਂਕ ਵਲੋਂ ਚਾਰਜ ਲਾਏ ਗਏ ਹਨ | ਜਿਸ ਸਬੰਧੀ ਕਿਸਾਨ ਨੂੰ ਸਟੇਟਮੈਂਟ ਤੋਂ ਇਲਾਵਾ ਐਨ.ਓ.ਸੀ. ਵੀ ਦੇ ਦਿੱਤੀ ਗਈ ਹੈ, ਪਰ ਕਿਸਾਨ ਪੈਸੇ ਭਰਨ ਤੋਂ ਇਨਕਾਰ ਕਰ ਰਿਹਾ ਹੈ, ਜਦਕਿ ਬੈਂਕ ਵਲੋਂ ਲੋਨ 'ਤੇ ਸਹੀ ਚਾਰਜ ਹੀ ਲਗਾਇਆ ਗਿਆ, ਕੋਈ ਵੀ ਪੈਸਾ ਵੱਧ ਜਾਂ ਘੱਟ ਨਹੀਂ ਲਾਇਆ ਗਿਆ | ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਵੀ ਸਮੇਤ ਪੁਲਿਸ ਪਾਰਟੀ ਹਾਜਰ ਸਨ | ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ |