ਬਰਨਾਲਾ, 20 ਮਈ (ਰਾਜ ਪਨੇਸਰ)- ਨਗਰ ਨਿਗਮ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਮੱਦੇਨਜ਼ਰ ਸ਼ਹਿਰ 'ਚ ਗੰਦਗੀ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਸ਼ਹਿਰ ਵਿਚ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜੋ ਅਨੇਕਾਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ | ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਦੇ ਹਾਲਾਤ ਇਨੇ ਬਦਤਰ ਹਨ ਕਿ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਵੀ ਕੂੜੇ ਦੇ ਵੱਡੇ ਢੇਰ ਲੱਗ ਚੁੱਕੇ ਹਨ | ਦੂਜੇ ਪਾਸੇ ਨਗਰ ਨਿਗਮ ਬਰਨਾਲਾ ਨੇ ਗੰਦਗੀ ਦੇ ਇਨ੍ਹਾਂ ਢੇਰਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ | ਹਾਲਾਂਕਿ ਸਫ਼ਾਈ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੜਤਾਲ 'ਤੇ ਹਨ ਪ੍ਰੰਤੂ ਨਗਰ ਨਿਗਮ ਨੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਵੀ ਚੁੱਪ ਵੱਟੀ ਹੋਈ ਹੈ | ਇਨ੍ਹਾਂ ਹਾਲਾਤਾਂ ਕਾਰਨ ਸ਼ਹਿਰ ਅੰਦਰ ਫੈਲੀ ਗੰਦਗੀ ਦਾ ਨੋਟਿਸ ਲੈਂਦੇ ਹੋਏ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਗਰ ਨਿਗਮ ਬਰਨਾਲਾ ਦੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ | ਵਿਧਾਇਕ ਢਿੱਲੋਂ ਨੇ ਆਪਣੇ ਵਕੀਲ ਪ੍ਰੀਤਮਹਿੰਦਰ ਸਿੰਘ ਰਾਹੀਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਭੇਜੇ ਕਾਨੂੰਨੀ ਨੋਟਿਸ ਵਿਚ ਚੇਤਾ ਕਰਵਾਇਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਸ਼ੂਤੋਸ਼ ਮਹੰਤਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਦਿਨੇਸ਼ ਕੁਮਾਰ ਅਤੇ ਹੋਰਾਂ ਵਲੋਂ ਬਰਨਾਲਾ 'ਚ ਸਫ਼ਾਈ ਸਬੰਧੀ ਮਿਤੀ 12 ਸਤੰਬਰ 2014 ਨੂੰ ਦਾਇਰ ਇਕ ਪਟੀਸ਼ਨ ਸੀ.ਡਬਲਯੂ.ਪੀ.-18681-2014 ਦਾ ਨਿਪਟਾਰਾ ਕਰਦੇ ਹੋਏ ਉਸ ਵੇਲੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬਰਨਾਲਾ ਸ਼ਹਿਰ ਵਿਚ ਸਫ਼ਾਈ ਰੱਖਣ ਦੇ ਸਖ਼ਤ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਨਗਰ ਕੌਂਸਲ ਦੇ ਕਰਮਚਾਰੀ ਸ਼ਹਿਰ ਅੰਦਰ ਸਫ਼ਾਈ ਰੱਖਣ ਦੇ ਪਾਬੰਦ ਹਨ ਅਤੇ ਇਹ ਉਨ੍ਹਾਂ ਦੀ ਮੁਢਲੀ ਡਿਊਟੀ ਬਣਦੀ ਹੈ | ਵਿਧਾਇਕ ਢਿੱਲੋਂ ਨੇ ਆਪਣੇ ਲੀਗਲ ਨੋਟਿਸ ਵਿਚ ਦਾਅਵਾ ਕੀਤਾ ਕਿ ਉਸ ਵੇਲੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਹੁਕਮ ਹੁਣ ਨਗਰ ਨਿਗਮ ਦੇ ਅਧਿਕਾਰੀਆਂ 'ਤੇ ਹੂਬਹੂ ਲਾਗੂ ਹੁੰਦੇ ਹਨ ਇਸ ਲਈ ਸ਼ਹਿਰ ਅੰਦਰ ਫੈਲੀ ਗੰਦਗੀ ਲਈ ਨਗਰ ਨਿਗਮ ਦੇ ਅਧਿਕਾਰੀ ਜ਼ਿੰਮੇਵਾਰ ਹਨ |