ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਸਿਹਤ ਵਿਭਾਗ ਵਲੋਂ ਮਾਂ ਅਤੇ ਬੱਚੇ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਨਾਏ ਗਏ ਮਮਤਾ ਦਿਵਸ ਤਹਿਤ ਸਿਹਤ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਅਤੇ ਸਿਹਤ ਕੇਂਦਰਾਂ 'ਚ ਵਿਸ਼ੇਸ਼ ਟੀਕਾਕਰਨ ਸੇਵਾਵਾਂ ਦਿੱਤੀਆਂ ਗਈਆਂ | ਇਹ ਮੁਹਿੰਮ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਚਲਾਈ ਗਈ | ਪਿੰਡ ਵਜੀਦਕੇ ਖ਼ੁਰਦ ਵਿਖੇ ਟੀਕਾਕਰਨ ਸੇਵਾਵਾਂ ਦੌਰਾਨ ਮਲਟੀਪਰਪਜ਼ ਹੈਲਥ ਵਰਕਰ ਰਮਨਦੀਪ ਸ਼ਰਮਾ ਨੇ ਦੱਸਿਆ ਕਿ ਮਮਤਾ ਦਿਵਸ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਲਈ ਬਹੁਤ ਮਹੱਤਵਪੂਰਨ ਦਿਨ ਹੈ | ਉਨ੍ਹਾਂ ਕਿਹਾ ਕਿ ਇਸ ਦਿਨ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਦਾ ਟੀਕਾਕਰਨ ਕਰ ਕੇ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਨਵ ਜਨਮੇ ਬੱਚੇ ਤੋਂ ਲੈ ਕੇ ਡੇਢ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ, ਗਲ਼-ਘੋਟੂ, ਕਾਲੀ ਖਾਂਸੀ, ਟੈਟਨਸ, ਦਿਮਾਗ਼ੀ ਬੁਖ਼ਾਰ, ਪੀਲੀਆ, ਖ਼ਸਰਾ, ਰੁਬੇਲਾ ਅਤੇ ਨਿਮੋਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ, ਜਦਕਿ ਪੋਲੀਓ ਅਤੇ ਰੋਟਾਵਾਇਰਸ ਤੋਂ ਬਚਾਅ ਲਈ ਬੂੰਦਾਂ ਵੀ ਪਿਲਾਈਆਂ ਜਾਂਦੀਆਂ ਹਨ | ਇਸ ਮੌਕੇ ਸੀ.ਐਚ.ਓ ਮਨਦੀਪ ਕੌਰ ਨੇ ਕਿਹਾ ਕਿ ਟੀਕਾਕਰਨ ਲਈ ਆਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਅÏਰਤਾਂ ਨੂੰ ਸਿਹਤ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਜਾਂਦੀ ਹੈ | ਇਸ ਮੌਕੇ ਸਿਹਤ ਵਰਕਰ ਗੁਰਮੇਲ ਸਿੰਘ ਸਮੇਤ ਆਸ਼ਾ ਵਰਕਰਾਂ ਵੀ ਹਾਜ਼ਰ ਸਨ |