ਤਪਾ ਮਈ, 22 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਨਰਸਿੰਗ ਸਟਾਫ਼ ਨੂੰ ਕੇਅਰ ਕੰਪੇਨੀਅਨ ਪ੍ਰੋਗਰਾਮ ਤਹਿਤ ਟ੍ਰੇਨਿੰਗ ਮੁਹੱਈਆ ਕਰਵਾਈ ਗਈ | ਇਹ ਟ੍ਰੇਨਿੰਗ ਮਨਪ੍ਰੀਤ ਕੌਰ ਸਟੇਟ ਪ੍ਰੋਗਰਾਮ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੁਲਵੰਤ ਸਿੰਘ ਵਲੋਂ ਕਰਵਾਈ ਗਈ | ਸਿਖਲਾਈ ਪ੍ਰੋਗਰਾਮ 'ਚ ਗਰਭਵਤੀ ਅÏਰਤਾਂ, ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਰਭ ਅਵਸਥਾ ਦੌਰਾਨ ਖ਼ਤਰੇ ਦੇ ਚਿੰਨ੍ਹ, ਦੇਖਭਾਲ ਕਰਨ ਦੇ ਤਰੀਕੇ, ਗੈਰ ਸੰਚਾਰੀ ਬਿਮਾਰੀਆਂ, ਪੌਸ਼ਟਿਕ ਖ਼ੁਰਾਕ ਅਤੇ ਮੋਬਾਈਲ ਕੇਅਰ ਕੰਪੇਨੀਅਨ ਸੇਵਾ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ, ਬਾਰੇ ਵੀ ਸਿਖਲਾਈ ਮੁਹੱਈਆ ਕਰਵਾਈ ਗਈ | ਡਾ. ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮਰੀਜ਼ਾਂ ਦੀ ਬਿਹਤਰ ਦੇਖਭਾਲ 'ਚ ਕੇਅਰ ਕੰਪੇਨੀਅਨ ਪ੍ਰੋਗਰਾਮ ਦਾ ਮਹੱਤਵਪੂਰਨ ਰੋਲ ਹੈ | ਉਨ੍ਹਾਂ ਨਰਸਿੰਗ ਸਟਾਫ਼ ਨੂੰ ਕਿਹਾ ਕਿ ਰੋਜ਼ਾਨਾ ਕੇਅਰ ਕੰਪੇਨੀਅਨ ਸੈਸ਼ਨ ਲਗਾਏ ਜਾਣ ਅਤੇ ਮਰੀਜ਼ਾਂ ਨੂੰ ਛੁੱਟੀ ਤੋਂ ਪਹਿਲਾਂ ਕੇਅਰ ਕੰਪੇਨੀਅਨ ਸੇਵਾ ਨਾਲ ਰਜਿਸਟਰ ਕੀਤਾ ਜਾਵੇ | ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਨਰਸਿੰਗ ਸਿਸਟਰ ਪਰਮਜੀਤ ਕੌਰ, ਐਲ. ਐੱਚ. ਵੀ. ਸਤਨਾਮ ਕੌਰ, ਸਟਾਫ਼ ਨਰਸ ਸਵਰਨਜੀਤ ਕੌਰ, ਦਨਵੀਰ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਨੀਲੂ, ਸੁਮਨਦੀਪ ਕੌਰ ਆਦਿ ਹਾਜਰ ਸਨ |