ਧਨੌਲਾ, 24 ਮਈ (ਜਤਿੰਦਰ ਸਿੰਘ ਧਨੌਲਾ)- ਵਾਰਡ ਨੰਬਰ-10 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਮੁੰਦਰੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ ਚੋਣ ਮੈਦਾਨ ਵਿਚ ਹਨ | ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਮੁੰਦਰੀ ਨੇ ਸੈਂਕੜੇ ਹੀ ਗ਼ਰੀਬ ਲੋਕਾਂ ਦੇ ਘਰ ਬਣਵਾ ਕੇ ਦਿੱਤੇ | ਨਗਰ ਕੌਂਸਲ ਦੇ ਵਰਕਰਾਂ ਨਾਲ ਹੁੰਦੀਆਂ ਵਧੀਕੀਆਂ ਸਮੇਂ ਸੁਖਵਿੰਦਰ ਸਿੰਘ ਮੁੰਦਰੀ ਪੀੜਤ ਲੋਕਾਂ ਨਾਲ ਚਟਾਨ ਬਣ ਕੇ ਖੜ੍ਹਦੇ ਰਹੇ ਹਨ | ਸੁਖਵਿੰਦਰ ਸਿੰਘ ਦੇ ਸਮਰਥਕਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਇੱਕ ਅਜਿਹਾ ਸਮਾਂ ਸੀ ਜਦ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਸੁਖਵਿੰਦਰ ਸਿੰਘ ਮੁੰਦਰੀ ਨੂੰ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਸਖ਼ਤ ਸੰਘਰਸ਼ ਕਰਨਾ ਪਿਆ | ਸਬੱਬ ਅਜਿਹਾ ਵੀ ਬਣਿਆ ਕਿ ਗੁਰਮੀਤ ਸਿੰਘ ਮੀਤ ਹੇਅਰ ਨੂੰ ਟੈਂਕੀ 'ਤੇ ਚੜ੍ਹ ਕੇ ਹੀ ਸੁਖਵਿੰਦਰ ਸਿੰਘ ਮੁੰਦਰੀ ਪਾਸੋਂ ਮੰਗ ਪੱਤਰ ਲੈਣਾ ਪਿਆ | ਪ੍ਰੰਤੂ ਬਾਅਦ 'ਚ ਆਪਸੀ ਮਤਭੇਦ ਹੋ ਜਾਣ ਕਰ ਕੇ ਸੁਖਵਿੰਦਰ ਸਿੰਘ ਮੁੰਦਰੀ ਕਾਂਗਰਸ ਪਾਰਟੀ ਵਿਚ ਚਲੇ ਗਏ ਅਤੇ ਉਨ੍ਹਾਂ ਦੀ ਪਤਨੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਲੋਕਾਂ ਵਿਚ ਗੂੜ੍ਹੀ ਹਰਮਨ ਪਿਆਰਤਾ ਹੋਣ ਕਰ ਕੇ ਵਾਰਡ ਦੇ ਪੁਰਸ਼ਾਂ ਅਤੇ ਔਰਤਾਂ ਵਲੋਂ ਸੁਖਵਿੰਦਰ ਅਤੇ ਉਸ ਦੀ ਪਤਨੀ ਦੇ ਹੱਕ ਵਿਚ ਖ਼ੁਦ ਲਹਿਰ ਉਸਾਰੀ ਜਾ ਰਹੀ ਹੈ | ਉਨ੍ਹਾਂ ਦੇ ਸਮਰਥਕਾਂ ਵਲੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਰਹੀ ਹੈ ਕਿ ਕੁਲਦੀਪ ਕੌਰ ਰਿਕਾਰਡ ਜਿੱਤ ਦਰਜ ਕਰਨਗੇ ਅਤੇ ਮੰਡੀ ਦੀ ਡਿਵੈਲਪਮੈਂਟ ਲਈ ਅਗਾਂਹਵਧੂ ਯੋਗਦਾਨ ਪਾਉਣਗੇ | ਅੱਜ ਵਾਰਡ ਨੰਬਰ 10 ਵਿਚ ਚੱਕਰ ਲਗਾਉਣ ਸਮੇਂ ਮਿਸਤਰੀ ਮਲਕੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੁਲਦੀਪ ਕੌਰ ਅਤੇ ਸੁਖਵਿੰਦਰ ਸਿੰਘ ਮੁੰਦਰੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ |