ਸੁਨਾਮ ਊਧਮ ਸਿੰਘ ਵਾਲਾ, 26 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਨੇ ਇੱਥੇ ਇੱਕ ਨੰਬਰ ਵਾਰਡ ਵਿੱਚ ਆਪਣੀ ਧਰਮ ਪਤਨੀ ਸ਼ਬੀਨਾ ਅਰੋੜਾ ਨਾਲ ਮਤਦਾਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਉਣਾ ਲੋਕਾਂ ਦੀ ਜੇਬ ਤੇ ਡਾਕਾ ਹੈ | ਇਸ ਦੇ ਨਾਲ ਮਹਿੰਗਾਈ ਵੱਡੇ ਪੱਧਰ 'ਤੇ ਹੋਵੇਗੀ ਅਤੇ ਆਮ ਆਦਮੀ 'ਤੇ ਇਸ ਦਾ ਬਹੁਤ ਬੁਰਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਰਾਨ ਇਰਾਕ ਤੋਂ ਤੇਲ ਸਸਤਾ ਮਿਲ ਸਕਦਾ ਹੈ ਪ੍ਰੰਤੂ ਇਹ ਅਮਰੀਕਾ ਦੇ ਇਸ਼ਾਰਿਆਂ ਤੇ ਤੇਲ ਖ਼ਰੀਦ ਰਹੀ ਹੈ ਜਿਸ ਨਾਲ ਲੋਕਾਂ ਨੂੰ ਮਹਿੰਗਾ ਤੇਲ ਮਿਲ ਰਿਹਾ ਤੇ ਪਿਛਲੇ ਕੁਝ ਦਿਨਾਂ ਚ ਪੰਜ ਵਾਰ ਤੇਲ ਦੀ ਕੀਮਤ ਵਧਣ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਉਨ੍ਹਾਂ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਦੇ ਵਧਣ ਨਾਲ ਮਹਿੰਗਾਈ ਦਾ ਵਿਆਪਕ ਅਸਰ ਆਮ ਲੋਕਾਂ ਦੇ ਪਵੇਗਾ ਇਸ ਲਈ ਕੇਂਦਰ ਸਰਕਾਰ ਨੂੰ ਲੋਕ ਪੱਖ ਵਿੱਚ ਇਸ ਸਬੰਧੀ ਢੁਕਵੀਂ ਨੀਤੀ ਬਣਾਉਣੀ ਚਾਹੀਦੀ ਹੈ ਨਾ ਕਿ ਕਿਸੇ ਦੇਸ਼ ਵਿਸ਼ੇਸ਼ ਦੀ ਕਠਪੁਤਲੀ ਬਣੇ | ਸ੍ਰੀ ਅਰੋੜਾ ਨੇ ਕਿਹਾ ਕਿ ਸੁਨਾਮ ਵਿੱਚ ਵਿਰੋਧੀ ਧਿਰਾਂ ਨੂੰ ਸਾਂਝਾ ਮੋਰਚਾ ਬਣਨਾ ਪਿਆ ਇਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਦਾ ਪ੍ਰਤੱਖ ਸਬੂਤ ਹੈ ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਮਿਉਂਸੀਪਲ ਕੌਂਸਲ ਦੀਆਂ ਚੋਣਾਂ ਬੜੇ ਅਮਨ ਅਮਾਨ ਨਾਲ ਹੋ ਰਹੀਆਂ ਹਨ ਤੇ ਕਿਸੇ ਪ੍ਰਕਾਰ ਦਾ ਕੋਈ ਧੱਕਾ ਕਿਤੇ ਨਹੀਂ ਹੋ ਰਿਹਾ ਅਤੇ ਲੋਕ ਆਪਣੀ ਸੋਚ ਦੇ ਮੁਤਾਬਿਕ ਵੋਟ ਪਾਉਣ ਲਈ ਵੱਡੀ ਗਿਣਤੀ ਵਿੱਚ ਬਾਹਰ ਨਿਕਲੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੋਕਾਂ ਦੀ ਵੋਟ ਪਾਉਣ ਵੇਲੇ ਕਿਸੇ ਪ੍ਰਕਾਰ ਦਾ ਕੋਈ ਖ਼ੌਫ਼ ਨਹੀਂ ਸੀ |