ਸੰਗਰੂਰ, 26 ਮਈ (ਅਮਨਦੀਪ ਸਿੰਘ ਬਿੱਟਾ) ਪੰਜਾਬ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਰਾਜ ਦੇ 12 ਜ਼ਿਲਿ੍ਹਆਂ 'ਚ ਅਣਮਿਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਅੱਜ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਵੀ ਸੰਗਰੂਰ ਦੇ ਸੇਵਾ ਕੇਂਦਰ 'ਚ ਕੰਮ ਕਰਦੇ ਵੱਡੀ ਗਿਣਤੀ 'ਚ ਮੁਲਾਜ਼ਮਾਂ ਨੇ ਪ੍ਰਧਾਨ ਬਲਜਿੰਦਰ ਸਿੰਘ ਭਵਾਨੀਗੜ੍ਹ, ਸਰਪ੍ਰਸਤ ਗੁਰਸੇਵਕ ਸਿੰਘ, ਦਮਨਜੀਤ ਸਿੰਘ, ਮਨਦੀਪ ਦਿਉਲ, ਮੋਹਨੀ ਸ਼ਰਮਾ ਦੋਵੇਂ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਖਜਾਂਚਨੀ ਦੀ ਰਹਿਨੁਮਾਈ ਹੇਠ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਾਬਰ ਕੰਮ, ਬਰਾਬਰ ਤਨਖ਼ਾਹ ਦਾ ਸਿਧਾਂਤ ਉਨ੍ਹਾਂ 'ਤੇ ਵੀ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਮਾਨ ਕੰਮ, ਸਮਾਨ ਤਨਖ਼ਾਹ ਅਤੇ ਸਮਾਨ ਹੱਕ ਲੈਣਾ ਉਨ੍ਹਾਂ ਦਾ ਅਧਿਕਾਰ ਹੈ | ਭਰੇ ਮਨ ਨਾਲ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੰੂ ਸੇਵਾ ਕੇਂਦਰਾਂ ਵਿੱਚ ਕੰਮ ਕਰਦਿਆਂ 10 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਉਹ ਅਜੇ ਵੀ ਕੰਪਨੀ ਅਧੀਨ ਹੀ ਕੰਮ ਕਰ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੰੂ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਨੰੂ ਜਾਂ ਤਾਂ ਸਰਕਾਰ ਸਿੱਧਾ ਆਪਣੇ ਅਧੀਨ ਜਾਂ ਉਨ੍ਹਾਂ ਨੰੂ ਸਿੱਧੇ ਤੌਰ ਉੱਤੇ ਡੀ.ਸੀ. ਦਫ਼ਤਰਾਂ ਨਾਲ ਜੋੜਿਆ ਜਾਵੇ | ਮੁੱਖ ਮੰਤਰੀ ਭਗਵੰਤ ਮਾਨ ਨੰੂ ਉਨ੍ਹਾਂ ਦੇ ਚੋਣ ਵਾਅਦੇ ਯਾਦ ਕਰਵਾਉਂਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਠੇਕੇਦਾਰੀ ਸਿਸਟਮ ਖ਼ਤਮ ਕਰ ਕੇ ਪਿਛਲੇ ਸਮੇਂ ਤੋਂ ਵੱਖ- ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੰੂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ ਹੋਇਆ ਹੈ | ਇਸ ਲਈ ਸਰਕਾਰ ਪਹਿਲ ਦੇ ਆਧਾਰ 'ਤੇ ਉਨ੍ਹਾਂ ਨੰੂ ਰੈਗੂਲਰ ਕਰੇ | ਭਲਕੇ ਦਾ ਪ੍ਰੋਗਰਾਮ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਦੇ 12 ਸੇਵਾ ਕੇਂਦਰਾਂ ਦੇ ਮੁਲਾਜ਼ਮ ਮੁਕੰਮਲ ਕਲਮ ਛੋੜ ਹੜਤਾਲ ਕਰਦਿਆਂ ਸੇਵਾ ਕੇਂਦਰਾਂ ਬਾਹਰ ਪ੍ਰਦਰਸ਼ਨ ਕਰਨਗੇ |