ਬਰਨਾਲਾ, 28 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਥਾਣਾ ਸਿਟੀ-2 ਵਲੋਂ 7 ਕੁਇੰਟਲ ਭੱੁਕੀ ਚੂਰਾ ਪੋਸਤ ਅਤੇ ਕੰਟੇਨਰ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਯੱੁਧ ਨਸ਼ਿਆਂ ਵਿਰੱੁਧ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਨਸ਼ਾ ਵੇਚਣ ਦੇ ਆਦੀ ਹਨ ਜੋ ਕਿ ਭਾਰੀ ਮਾਤਰਾ 'ਚ ਨਸ਼ਾ ਲਿਆ ਕੇ ਵੇਚਣ ਦੀ ਫ਼ਿਰਾਕ ਵਿਚ ਹਨ ਜੋ ਕਿ ਬਰਨਾਲਾ ਹੁੰਦੇ ਹੋਏ ਮਲੇਰਕੋਟਲਾ ਵੱਲ ਜਾ ਰਹੇ ਹਨ | ਥਾਣਾ ਸਿਟੀ-2 ਦੇ ਐਸ.ਐਚ.ਓ. ਸ਼ਰੀਫ਼ ਖ਼ਾਨ ਦੀ ਟੀਮ ਵਲੋਂ ਬਠਿੰਡਾ ਰੋਡ ਤੋਂ ਬਰਨਾਲਾ ਸ਼ਹਿਰ ਵੱਲ ਨਾਕਾ ਲਗਾਇਆ ਹੋਇਆ ਸੀ ਤਾਂ ਕਿ ਕੰਨਟੇਨਰ ਪੀ.ਬੀ. 13 ਬੀ.ਟੀ-9595 ਆ ਰਿਹਾ ਸੀ ਜਿਸ ਵਿਚ ਤਾਜ ਮੁਹੰਮਦ ਪੱੁਤਰ ਅਲੀ ਸ਼ੇਰ ਵਾਸੀ ਸ਼ਾਹਪੁਰ (ਲੁਧਿਆਣਾ) ਹਾਲ ਆਬਾਦ ਮਲੇਰਕੋਟਲਾ ਬੈਠਾ ਸੀ | ਕੰਨਟੇਨਰ ਰੋਕ ਕੇ ਤਲਾਸ਼ੀ ਲਈ ਗਈ ਤਾਂ 20-20 ਕਿੱਲੋ ਦੇ 35 ਗੱਟੇ ਭੱੁਕੀ ਚੂਰਾ ਪੋਸਤ ਕੱੁਲ 7 ਕੁਇੰਟਲ ਭੱੁਕੀ ਚੂਰਾ ਪੋਸਤ ਬਰਾਮਦ ਹੋਈ | ਗਿ੍ਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਨਸ਼ਾ ਵੇਚਣ ਦੇ ਕੰਮ ਵਿਚ ਭਵਨ ਸਿੰਘ ਪੱੁਤਰ ਅਰਜਨ ਸਿੰਘ ਵਾਸੀ ਚੀਮਾ ਸ਼ੇਰਗੜ੍ਹ (ਮਲੇਰਕੋਟਲਾ), ਲਾਲ ਸਿੰਘ ਪੱੁਤਰ ਨਾਮਾਲੂਮ ਵਾਸੀ ਨੇੜੇ ਛੱਜੂ ਰੌਸ਼ਨ ਦਾ ਕਾਰਖ਼ਾਨਾ ਬਰਨਾਲਾ ਭਾਈਵਾਲ ਹਨ | ਪੁਲਿਸ ਵਲੋਂ ਤਾਜ ਮੁਹੰਮਦ ਨੂੰ 7 ਕੁਇੰਟਲ ਭੱੁਕੀ ਚੂਰਾ ਪੋਸਤ ਤੇ ਕੰਨਟੇਨਰ ਸਮੇਤ ਗਿ੍ਫ਼ਤਾਰ ਕਰ ਕੇ ਭਵਨ ਸਿੰਘ ਅਤੇ ਲਾਲਾ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮੌਕੇ ਏ.ਐਸ.ਆਈ. ਰਾਜੀਵ ਕੁਮਾਰ ਵੀ ਹਾਜ਼ਰ ਸਨ |