ਤਪਾ ਮੰਡੀ, 28 ਮਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਾਡਰਨ ਢਾਬੇ ਨਜ਼ਦੀਕ ਸ਼ਰਧਾਲੂਆਂ ਦੀ ਭਰੀ ਇਕ ਮਿੰਨੀ ਬੱਸ ਦਾ ਟਾਇਰ ਫਟਣ ਕਾਰਨ ਬੱਸ ਦੇ ਖਤਾਨਾਂ 'ਚ ਡਿਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ 'ਚ ਸਵਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਏਰੀਏ 'ਚੋਂ ਸੰਗਤਾਂ ਨਾਲ ਦਰਸ਼ਨ ਕਰਨ ਲਈ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਲਈ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਬੱਸ ਦਾ ਅਗਲਾ ਟਾਇਰ ਫਟ ਗਿਆ, ਜਿਸ ਨਾਲ ਬੱਸ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬੱਸ ਵਿਚ 40 ਦੇ ਕਰੀਬ ਸਵਾਰੀਆਂ ਮੌਜੂਦ ਸਨ | ਹਾਦਸੇ ਦਾ ਪਤਾ ਲੱਗਦਾ ਹੀ ਕੋਲੋਂ ਗੁਜ਼ਰ ਰਹੇ ਰਾਹਗੀਰ ਅਤੇ ਕਿਸਾਨ ਰਾਹਤ ਕਾਰਜਾਂ 'ਚ ਜੁੱਟ ਗਏ |