ਸ਼ਹਿਣਾ, 28 ਮਈ (ਸੁਰੇਸ਼ ਗੋਗੀ)- ਸ਼ਹਿਣਾ ਵਿਖੇ ਬੀਤੀ ਰਾਤ ਨਹਿਰ ਵਾਲਾ ਬੱਸ ਸਟੈਂਡ 'ਤੇ ਇਕ ਕਰਿਆਨੇ ਦੀ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਵਲੋਂ ਦੁਕਾਨ ਵਿਚੋਂ ਨਿੱਤ ਵਰਤੋਂ ਦਾ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਦੁਕਾਨਦਾਰ ਗੁਰਤੇਜ ਦਾਸ ਪੁੱਤਰ ਬਲਦੇਵ ਦਾਸ ਵਾਸੀ ਸ਼ਹਿਣਾ ਨੇ ਦੱਸਿਆ ਕਿ ਅਸੀਂ ਆਪਣੀ ਦੁਕਾਨ ਰਾਤ ਸਮੇਂ 9 ਵਜੇ ਦੇ ਲਗਭਗ ਬੰਦ ਕਰਦੇ ਹਾਂ, ਜਦੋਂ ਸਵੇਰੇ 6 ਵਜੇ ਦੇ ਕਰੀਬ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਚੋਰਾਂ ਵਲੋਂ ਦੁਕਾਨ ਦੀ ਛੱਤ ਵਿਚ ਪਾੜ ਲਗਾ ਕੇ ਨਿੱਤ ਵਰਤੋਂ ਦਾ ਸਮਾਨ ਸਾਬਣਾਂ, ਖੰਡ, ਦੇਸੀ ਘਿਉ, ਲੂਣ, ਮਿਰਚ, ਹਲਦੀ, ਰੂਹਹਫਜਾ ਦੀਆਂ ਬੋਤਲਾਂ, ਕੋਲਡ ਡਰਿੰਕ ਦੀਆਂ ਬੋਤਲਾਂ ਆਦਿ ਤੋਂ ਇਲਾਵਾ ਅਜੇ ਦੁਕਾਨ ਵਿਚ ਪੜਤਾਲ ਕੀਤੀ ਜਾ ਰਹੀ ਹੈ, ਹੋਰ ਕੀ ਕੁੱਝ ਚੋਰੀ ਹੋਇਆ ਹੈ | ਦੁਕਾਨਦਾਰ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸ਼ਹਿਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸ਼ਹਿਣਾ ਦੀ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਉਨ੍ਹਾਂ ਚੋਰੀ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ |