ਤਪਾ ਮੰਡੀ, 30 ਮਈ (ਵਿਜੇ ਸ਼ਰਮਾ)-ਨਗਰ ਕੌਂਸਲ ਦੇ 15 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਪੰਜ, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 8 ਆਜ਼ਾਦ ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣ ਚੁੱਕੇ ਹਨ | ਜੇਤੂ ਕੌਂਸਲਰਾਂ ਵਲੋਂ ਜੇਤੂ ਰੈਲੀਆਂ ਕੱਢਣ ਤੋਂ ਬਾਅਦ ਪ੍ਰਧਾਨਗੀ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ | ਜੇ ਆਮ ਆਦਮੀ ਪਾਰਟੀ ਦੇ ਜੇਤੂ ਕੌਂਸਲਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਂਅ ਬਲਜੀਤ ਸਿੰਘ ਬਾਸੀ, ਮਨੀਸ਼ ਕੁਮਾਰ ਗਰਗ ਟੈਂਟ ਵਾਲਾ ਅਤੇ ਪਿਛਲੇ ਕਾਰਜਕਾਲ ਦੌਰਾਨ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਰਿਸ਼ੂ ਰੰਗੀ ਵੀ ਪ੍ਰਧਾਨਗੀ ਦੀ ਦੌੜ ਵਿਚ ਦੱਸੇ ਜਾ ਰਹੇ ਹਨ | ਜੇ ਆਜ਼ਾਦ ਕੌਂਸਲਰਾਂ ਦੀ ਗੱਲ ਕਰੀਏ ਤਾਂ ਵਾਰਡ ਨੰਬਰ ਪੰਜ ਤੋਂ ਜੇਤੂ ਰਹੇ ਸੰਜੂ ਗੁਪਤਾ ਦੇ ਮਾਤਾ ਸਰਸਵਤੀ ਦੇਵੀ ਦਾ ਨਾਮ ਸਭ ਤੋਂ ਉਪਰ ਹੈ | ਉਸ ਤੋਂ ਬਾਅਦ ਵਾਰਡ ਨੰਬਰ 15 ਤੋਂ ਜੇਤੂ ਰਹੇ ਆਜ਼ਾਦ ਕੌਂਸਲਰ ਸੁਨੀਤਾ ਰਾਣੀ ਪਤਨੀ ਮਿੱਠੂ ਸ਼ਹਿਣੇ ਵਾਲੇ ਦਾ ਨਾਮ ਵੀ ਦੌੜ ਵਿਚ ਆ ਸਕਦਾ ਹੈ ਕਿਉਂਕਿ ਸਿੰਗਲਾ ਪਰਿਵਾਰ ਦੀ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਨਾਲ ਕਾਫੀ ਨੇੜਤਾ ਹੈ ਅਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਵੀ ਕਾਫੀ ਨੇੜਤਾ ਦੱਸੀ ਜਾ ਰਹੀ ਹੈ | ਤੁਹਾਨੂੰ ਇੱਥੇ ਇੱਕ ਗੱਲ ਸਾਫ਼ ਸ਼ਬਦਾਂ ਵਿਚ ਦੱਸ ਦਈਏ ਜੇ ਨਗਰ ਕੌਂਸਲ ਦਾ ਪ੍ਰਧਾਨ ਬਣੇਗਾ ਤਾਂ ਉਹ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਕਿਉਂਕਿ ਆਜ਼ਾਦ ਕੌਂਸਲਰਾਂ ਵਿਚੋਂ ਕੋਈ ਵੀ ਕੌਂਸਲਰ ਨਗਰ ਕੌਂਸਲ ਦਾ ਪ੍ਰਧਾਨ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਹੀ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰ ਕੇ ਇਹ ਸ਼ਰਤ ਲਾਜ਼ਮੀ ਹੋਵੇਗੀ | ਜਦ ਕਿ ਪਿਛਲੀ ਟਰਮ ਦੇ ਵਿਚ ਨਗਰ ਕੌਂਸਲ ਦਾ ਜਦ ਪ੍ਰਧਾਨ ਬਣਿਆ ਸੀ ਉਸ ਨੂੰ ਵੀ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਪਿਆ ਸੀ ਕਿਉਂਕਿ ਉਹ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਸਬੰਧਿਤ ਸਨ | ਆਪ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਹੀ ਨਗਰ ਕੌਂਸਲ ਦੀ ਕੁਰਸੀ 'ਤੇ ਬਿਰਾਜਮਾਨ ਹੋਇਆ ਸੀ | ਇਸ ਵਾਰ ਵੀ ਨਗਰ ਕੌਂਸਲ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕਿਸੇ 'ਤੇ ਵੀ ਸਹਿਮਤੀ ਨਹੀਂ ਬਣਦੀ ਤਾਂ ਆਮ ਆਦਮੀ ਪਾਰਟੀ ਦੇ ਖ਼ੈਰ ਖ਼ੁਆਰ ਦੀਪਕ ਗੱਗ ਦੀ ਲਗਾਤਾਰ ਦੂਜੀ ਵਾਰ ਚੋਣ ਜਿੱਤੀ ਪਤਨੀ ਦੀਪਿਕਾ ਮਿੱਤਲ ਦਾ ਵੀ ਦਾਅ ਲੱਗ ਸਕਦਾ ਹੈ |