14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਭਦੌੜ ਹਲਕੇ 'ਚ ਭਵਿੱਖ ਹੋਇਆ ਧੁੰਦਲਾ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਸ਼ਹਿਣਾ, 31 ਮਈ (ਸੁਰੇਸ਼ ਗੋਗੀ)-ਲੰਘੀਆਂ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਭਦੌੜ ਹਲਕੇ ਵਿਚ ਕਾਂਗਰਸ ਪਾਰਟੀ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ, ਕਿਉਂਕਿ ਦਰਜਨ ਦੇ ਕਰੀਬ ਹਲਕੇ ਵਿਚ ਆਪਣੇ ਆਪ ਨੂੰ ਹਲਕਾ ਇੰਚਾਰਜ ਲੱਗਣ ਲਈ ਉਤਾਵਲੇ ਕਾਂਗਰਸੀ ਨੇਤਾ ਤਪਾ ਅਤੇ ਭਦੌੜ ਦੀਆਂ ਸਾਰੇ ਨਗਰ ਕੌਂਸਲ ਵਾਰਡਾਂ ਵਿਚ ਉਮੀਦਵਾਰ ਪੂਰੇ ਖੜੇ ਕਰਨ ਵਿਚ ਵੀ ਅਸਫਲ ਰਹੇ ਅਤੇ ਆਏ ਚੋਣ ਨਤੀਜਿਆਂ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ | ਤਕਰੀਬਨ ਪਿਛਲੇ 8 ਸਾਲਾਂ ਤੋਂ ਹਲਕਾ ਭਦੌੜ ਕਾਂਗਰਸ ਪਾਰਟੀ ਦੇ ਕਿਸੇ ਵੀ ਸਥਾਈ ਨੇਤਾ ਤੋਂ ਵਾਂਝਾ ਹੈ | 40 ਸਾਲਾਂ ਦੇ ਵੱਖਰੇਵੇਂ ਬਾਅਦ ਲੋਕ ਗਾਇਕ ਮੁਹੰਮਦ ਸਦੀਕ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਈ ਸੀ ਅਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਹੰਮਦ ਸਦੀਕ ਦਾ ਹਲਕਾ ਬਦਲ ਦਿੱਤਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੋਂ ਚੋਣ ਲੜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਤੋਂ ਚੋਣ ਹਾਰ ਗਏ ਸਨ | ਉਸ ਸਮੇਂ ਭਾਵੇਂ ਕਿ ਆਮ ਆਦਮੀ ਪਾਰਟੀ ਛੱਡ ਕੇ ਆਏ ਪਿਰਮਲ ਸਿੰਘ ਧੌਲਾ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲ ਰਹੇ ਸਨ, ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ | ਵਿਧਾਨ ਸਭਾ ਚੋਣਾਂ ਉਪਰੰਤ ਪਿਰਮਲ ਸਿੰਘ ਧੌਲਾ ਵੀ ਕੈਨੇਡਾ ਚਲੇ ਗਏ ਅਤੇ ਹਲਕੇ ਦੀ ਵਾਂਗਡੋਰ ਕਿਸੇ ਦੇ ਹੱਥ ਵੀ ਨਹੀਂ ਰਹੀ ਅਤੇ ਚਰਨਜੀਤ ਸਿੰਘ ਚੰਨੀ ਵੀ ਵਾਪਸ ਆਪਣੇ ਹਲਕੇ ਦੁਆਬੇ ਵਿਚ ਬਿਜ਼ੀ ਹੋ ਗਏ | ਹੁਣ ਜਦ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਹਨ, ਤਾਂ ਇੱਥੋਂ ਚੋਣ ਲੜਨ ਲਈ ਦਰਜਨ ਤੋਂ ਵੱਧ ਉਮੀਦਵਾਰ ਕਤਾਰ ਵਿਚ ਹਨ ਅਤੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਵਿਦੇਸ਼ ਤੋਂ ਪਰਤ ਆਏ ਹਨ | ਪਿਛਲੇ ਸਾਲ ਦੇ ਅੰਤ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਮੇਂ ਕਾਂਗਰਸ ਪਾਰਟੀ ਦੇ ਕੋਈ ਬਹੁਤੇ ਉਮੀਦਵਾਰ ਮੈਦਾਨ ਵਿਚ ਨਹੀਂ ਸਨ, ਜਦਕਿ ਸ਼ੋ੍ਰਮਣੀ ਅਕਾਲੀ ਦਲ ਵਿਰੋਧੀ ਧਿਰ ਵਜੋਂ ਹਲਕਾ ਭਦੌੜ ਵਿਚ ਟੱਕਰ ਦੇਣ ਦੇ ਸਮਰੱਥ ਹੋਇਆ, ਪਰ ਹਲਕਾ ਭਦੌੜ ਵਿਚ ਭਦੌੜ ਅਤੇ ਤਪਾ ਦੋ ਨਗਰ ਕੌਂਸਲਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਹੋਈ ਹੈ ਕਿਉਂਕਿ ਦੋਵੇਂ ਕਸਬਿਆਂ ਵਿਚ 28 ਦੇ ਕਰੀਬ ਐਮ.ਸੀ. ਚੁਣੇ ਜਾਣੇ ਸਨ ਅਤੇ ਦੋਵੇਂ ਸ਼ਹਿਰਾਂ ਵਿਚ ਸਿਰਫ਼ 11 ਉਮੀਦਵਾਰ ਕਾਂਗਰਸ ਦੇ ਚੋਣ ਮੈਦਾਨ ਵਿਚ ਉਤਾਰੇ ਜਾ ਸਕੇ | ਐਮ.ਸੀ. ਚੋਣਾਂ ਲਈ ਭਾਵੇਂ ਕਿ ਕੁੱਝ ਆਗੂਆਂ ਨੇ ਪਾਰਟੀ ਦੇ ਖੜੇ ਕੀਤੇ ਉਮੀਦਵਾਰਾਂ ਦੇ ਹੱਕ ਵਿਚ ਕੁੱਝ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ, ਪਰ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਭਦੌੜ ਅਤੇ ਤਪਾ ਕਸਬਿਆਂ ਦੇ ਸਮੂਹ ਵਾਰਡਾਂ ਵਿਚ ਕਾਂਗਰਸ ਪਾਰਟੀ ਚੋਣ ਲੜਨ ਵਿਚ ਫਾਡੀ ਰਹੀ ਅਤੇ ਕਾਂਗਰਸ ਨਾਲ ਜੁੜੇ ਬਹੁਤੇ ਉਮੀਦਵਾਰਾਂ ਨੇ ਆਜ਼ਾਦ ਤੌਰ 'ਤੇ ਚੋਣ ਜਿੱਤਣ ਦਾ ਯਤਨ ਕੀਤਾ, ਪਰ ਕਿਸੇ ਵੀ ਵਿਊਾੁਤਬੰਦੀ ਤੋਂ ਬਿਨਾਂ ਲੜੀਆਂ ਚੋਣਾਂ ਵਿਚ ਕਾਂਗਰਸ ਮੂਧੇ ਮੂੰਹ ਜਾ ਡਿੱਗੀ ਹੈ | ਆਉਣ ਵਾਲੇ 6 ਮਹੀਨਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ, ਅਜਿਹੇ ਮੌਕਿਆਂ ਤੇ ਨਗਰ ਕੌਂਸਲ ਚੋਣਾਂ ਤੋਂ ਮਿਲੀ ਕਰਾਰੀ ਹਾਰ ਇਸ ਹਲਕੇ ਤੋਂ ਚੋਣ ਲੜਨ ਵਾਲੇ ਕਿਸੇ ਸੰਭਾਵੀ ਕਾਂਗਰਸੀ ਉਮੀਦਵਾਰ ਲਈ ਹੋਰ ਵੀ ਮੁਸ਼ਕਲਾਂ ਖੜੀਆਂ ਕਰੇਗੀ, ਕਿਉਂਕਿ ਵਾਰ-ਵਾਰ ਹੋਈ ਹਾਰ ਟਕਸਾਲੀ ਵਰਕਰਾਂ ਨੂੰ ਵੀ ਨਿਰਾਸ਼ ਕਰ ਗਈ ਹੈ ਅਤੇ ਉਤਸ਼ਾਹ ਨਾਲ ਭਾਗ ਲੈਣ ਵਾਲੇ ਵਰਕਰ ਕੰਨੀ ਕਤਰਾਉਣ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਲੇਅ ਵੇਅ ਸਕੂਲਾਂ ਦੀ ਰਜਿਸਟਰੇਸ਼ਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
Ad Position 24