ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)-ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਜਿੱਥੇ ਇੱਕ ਹਫ਼ਤੇ ਤੋਂ ਲਗਾਤਾਰ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਚੱਲ ਰਹੀ ਹੈ ਉੱਥੇ ਅੱਜ ਮੁਲਾਜ਼ਮਾਂ ਵਲੋਂ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਅਤੇ ਮੁੱਖ ਗੇਟ ਨੂੰ ਜਿੰਦਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਮੁਲਾਜ਼ਮਾਂ ਨਿਤੀਸ਼ ਕੁਮਾਰ, ਲਾਭ ਸਿੰਘ, ਹਰਭਜਨ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਰਮਨਦੀਪ ਕੌਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਮਾਰਚ 2026 ਤੋਂ ਤਨਖ਼ਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸਿਵਲ ਸੂਟ ਨੰਬਰ 314 ਆਫ਼ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ਵਿਚ ਪਏ ਮੁਆਵਜ਼ੇ ਦੀ ਰਕਮ 3150234/-ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ਵਿਚ ਦਿੱਤਾ ਗਿਆ | ਜਿਸ ਕਾਰਨ ਮਾਣਯੋਗ ਸਿਵਲ ਕੋਰਟ ਵਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ 'ਤੇ ਲਾ ਦਿੱਤਾ ਗਿਆ ਹੈ | ਸਮੂਹ ਸਟਾਫ਼ ਦੀ ਤਨਖ਼ਾਹ ਇਸ ਖਾਤੇ ਵਿਚੋਂ ਦਿੱਤੀ ਜਾਂਦੀ ਹੈ ਪਰ ਇੱਕ ਹਫ਼ਤੇ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਕਈ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਲੰਮੀ ਅਤੇ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਹਨ ਪਰ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਦਵਾਈਆਂ ਦਿਵਾਉਣ ਅਤੇ ਮੈਡੀਕਲ ਇਲਾਜ ਕਰਵਾਉਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ | ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪ੍ਰਸ਼ਾਸਨ ਵਲੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਚਿਰ ਸਮੂਹ ਬ੍ਰਾਂਚਾਂ ਨੂੰ ਜਿੰਦਰੇ ਲਗਾ ਕੇ ਰੋਸ ਜਿਤਾਇਆ ਜਾਵੇਗਾ | ਇਸ ਮੌਕੇ ਪੁਸ਼ਪਿੰਦਰ ਸਿੰਘ, ਅਮਨਦੀਪ ਕੌਰ, ਅੰਮਿ੍ਤਪਾਲ ਸਿੰਘ, ਰਾਜ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ |