ਬਰਨਾਲਾ, 1 ਜੂਨ (ਰਾਜ ਪਨੇਸਰ)- ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਪ੍ਰਸ਼ਾਸਨ ਨੂੰ ਹਥਿਆਰ ਵਾਂਗ ਵਰਤਦਿਆਂ ਜਿੱਤੀਆਂ ਨਹੀਂ, ਸਗੋਂ ਲੱੁਟੀਆਂ ਹਨ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਉਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੰਘੀ 26 ਮਈ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਜਿਸ ਵਿਚ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ | ਪਰ ਸੱਤਾਧਾਰੀ ਪਾਰਟੀ ਨੇ ਪ੍ਰਸ਼ਾਸਨ ਨੂੰ ਇਕ ਹਥਿਆਰ ਵਜੋਂ ਵਰਤਦਿਆਂ ਸ਼ਰ੍ਹੇਆਮ ਜਾਅਲੀ ਵੋਟਾਂ ਪਵਾਈਆਂ, ਕਈ ਬੂਥਾਂ 'ਤੇ ਪ੍ਰਸ਼ਾਸਨ ਰਾਹੀਂ ਕਬਜ਼ੇ ਕਰਵਾਏ | ਇੱਥੇ ਹੀ ਬੱਸ ਨਹੀਂ ਨਤੀਜਿਆਂ ਵਾਲੇ ਦਿਨ ਜਿੱਤੇ ਹੋਏ ਉਮੀਦਵਾਰਾਂ ਨੂੰ ਹਰਾ ਕੇ ਤੇ ਆਪਣੇ ਹਾਰੇ ਹੋਏ ਉਮੀਦਵਾਰਾਂ ਨੂੰ ਜਿਤਾ ਕੇ ਲੋਕਤੰਤਰ ਦਾ ਘਾਣ ਕੀਤਾ ਹੈ | ਪ੍ਰਸ਼ਾਸਨ ਵਲੋਂ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓ ਗਰਾਫੀ ਕੀਤੀ ਗਈ ਸੀ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਵੀਡੀਓ ਜਨਤਕ ਕੀਤੀ ਜਾਵੇ | ਇਸ ਦਾ ਜੋ ਵੀ ਸਰਕਾਰੀ ਖ਼ਰਚਾ ਹੋਵੇਗਾ, ਅਸੀਂ ਭਰਨ ਲਈ ਤਿਆਰ ਹਾਂ | ਸ: ਢਿੱਲੋਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਦੀ ਪਤਨੀ ਸ੍ਰੀਮਤੀ ਦੀਪਿਕਾ ਸ਼ਰਮਾ ਅਤੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ ਇਹ ਚੋਣਾਂ ਕਦੇ ਵੀ ਹਾਰ ਨਹੀਂ ਸਕਦੇ ਸਨ | ਪਰ ਜਾਣਬੱੁਝ ਕੇ ਸੱਤਾਧਾਰੀ ਪਾਰਟੀ ਨੇ ਉਹ ਉਮੀਦਵਾਰਾਂ ਨੂੰ ਜ਼ਬਰਦਸਤੀ ਜਿਤਾ ਦਿੱਤਾ ਜੋ ਕਦੇ ਇਨ੍ਹਾਂ ਚੋਣਾਂ ਦੀ ਏ.ਬੀ.ਸੀ. ਵੀ ਨਹੀਂ ਜਾਣਦੇ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਕਾਂਗਰਸ ਸਰਕਾਰ ਬਣਦਿਆਂ ਹੀ ਇਨ੍ਹਾਂ ਵਲੋਂ ਕੀਤੀ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ | ਇਸ ਮੌਕੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ, ਦਿਹਾਤੀ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਬਾਜ ਸਿੰਘ ਰਟੋਲ, ਬਿੱਟੂ ਸ਼ਰਮਾ ਪੀ.ਏ., ਸੂਰਤ ਸਿੰਘ ਬਾਜਵਾ, ਜਸਮੇਲ ਸਿੰਘ ਡੈਅਰੀਵਾਲਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ |