ਟੱਲੇਵਾਲ, 1 ਜੂਨ (ਸੋਨੀ ਚੀਮਾ)- ਪੰਜਾਬ ਸਰਕਾਰ ਨੇ ਆਊਟਸੋਰਸ ਮੁਲਾਜ਼ਮਾਂ ਦੇ ਮਾਮਲੇ ਨੂੰ ਹੱਲ ਕਰਦਿਆਂ ਸੂਬੇ ਵਿਚੋਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰ ਕੇ ਕਾਮਿਆਂ ਨੂੰ ਸਿੱਧੇ ਸਰਕਾਰ ਅਧੀਨ ਲਿਆਉਣ ਦਾ ਇਤਿਹਾਸਕ ਫ਼ੈਸਲਾ ਕੀਤਾ ਹੈ | ਇਹ ਸ਼ਬਦ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਲਕਾ ਮਹਿਲ ਕਲਾਂ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਇਸ ਨਾਲ 51 ਵਿਭਾਗਾਂ ਦੇ 65,048 ਮੁਲਾਜ਼ਮਾਂ ਨੂੰ ਸਿੱਧਾ ਲਾਭ ਮਿਲੇਗਾ | ਸਰਕਾਰ ਦੇ ਇਸ ਕਦਮ ਨਾਲ ਫਾਇਰਮੈਨ, ਸੀਵਰਮੈਨ, ਲਾਈਨਮੈਨ ਅਤੇ ਸ਼ਿਕਾਇਤ ਨਿਵਾਰਣ ਵਰਗੇ ਜੋਖ਼ਮ ਵਾਲੇ ਕੰਮਾਂ ਵਿਚ ਲੱਗੇ ਕਾਮੇ 3 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਸਰਕਾਰੀ ਠੇਕੇ ਅਧੀਨ ਆਉਣਗੇ ਅਤੇ ਗ਼ੈਰ-ਜੋਖਮ ਭਰੇ ਕੰਮਾਂ ਵਾਲੇ ਆਊਟਸੋਰਸ ਕਾਮੇ 5 ਸਾਲ ਦੀ ਸੇਵਾ ਤੋਂ ਬਾਅਦ ਸਿੱਧੇ ਸਰਕਾਰ ਅਧੀਨ ਠੇਕੇ 'ਤੇ ਲਿਆਂਦੇ ਜਾਣਗੇ | ਜਿਸ ਨਾਲ ਮਿਹਨਤੀ ਕਾਮਿਆਂ ਦੀ ਸਿੱਧੀ ਅਦਾਇਗੀ ਪੈਸੇ ਸਿੱਧੇ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫ਼ਰ ਕੀਤੇ ਜਾਣਗੇ | ਇਸ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਨੂੰ ਛੁੱਟੀਆਂ ਦਾ ਲਾਭ, ਈ.ਐਸ.ਆਈ. ਅਤੇ ਪ੍ਰੋਵੀਡੈਂਟ ਫ਼ੰਡ (ਪੀ.ਐਫ) ਵਰਗੀਆਂ ਕਾਨੂੰਨੀ ਸਹੂਲਤਾਂ ਮਿਲਣਗੀਆਂ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼ ਮਿਹਨਤੀ ਕਾਮਿਆਂ ਦਾ ਸ਼ੋਸ਼ਣ ਰੋਕਣਾ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ |