ਬਰਨਾਲਾ, 2 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਾਬਕਾ ਸੈਨਿਕ ਵਿੰਗ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਉਸੇ ਤਰ੍ਹਾਂ ਸਾਬਕਾ ਫ਼ੌਜੀਆਂ ਵਾਸਤੇ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਪੈਸਕੋ ਵਰਗੀਆਂ ਸੰਸਥਾਵਾਂ ਨੂੰ ਖ਼ਤਮ ਕੀਤਾ ਜਾਵੇ ਤਾਂ ਕਿ ਉਹ ਮਹਿਕਮਿਆਂ ਵਲੋਂ ਮਿਲਣ ਵਾਲੀ ਸਾਰੀ ਤਨਖ਼ਾਹ ਫ਼ੌਜੀਆਂ ਨੂੰ ਮਿਲ ਸਕੇ | ਕੈਪਟਨ ਸਿੱਧੂ ਨੇ ਕਿਹਾ ਕਿ ਵਿਚੋਲਿਆਂ ਨੂੰ ਕੱਢਣ ਅਤੇ ਸਾਬਕਾ ਫ਼ੌਜੀ ਵੀਰਾਂ ਨੂੰ ਪੂਰਾ ਮਿਹਨਤਾਨਾ ਦਿਵਾਉਣ ਲਈ ਵਿੰਗ ਵਲੋਂ ਸੰਘਰਸ਼ ਵਿੱਢਿਆ ਜਾਵੇਗਾ | ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਰਾਜ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਜਦ ਕੋਈ ਸਾਬਕਾ ਸੈਨਿਕ ਆਪਣੀ ਸਕਿਉਰਿਟੀ ਡਿਊਟੀ ਲਈ ਗਨ ਲਾਇਸੈਂਸ ਬਣਾਉਣ ਵਾਸਤੇ ਸਬੰਧਿਤ ਅਧਿਕਾਰੀਆਂ ਕੋਲ ਜਾਂਦਾ ਹੈ ਤਾਂ ਉਸ ਨੂੰ 21 ਹਜ਼ਾਰ ਰੁਪਏ ਰੈੱਡ ਕਰਾਸ ਫ਼ੰਡ ਵਿਚ ਦਾਨ ਦੇਣ ਲਈ ਕਿਹਾ ਜਾਂਦਾ ਹੈ, ਜੋ ਕਿ ਗ਼ਲਤ ਗੱਲ ਹੈ | ਇਸ ਲਈ ਇਸ ਸਬੰਧੀ ਜਲਦ ਵਿੰਗ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ-ਪੱਤਰ ਦਿੱਤਾ ਜਾਵੇਗਾ | ਜੇਕਰ ਸੁਣਵਾਈ ਨਾ ਹੋਈ ਤਾਂ ਸਾਬਕਾ ਸੈਨਿਕਾਂ ਵਲੋਂ ਇਕ ਦਿਨ ਦੀ ਸੰਕੇਤਕ ਭੁੱਖ ਹੜਤਾਲ ਕੀਤੀ ਜਾਵੇ | ਮੀਟਿੰਗ ਵਿਚ ਸੂਬੇਦਾਰ ਮੇਜਰ ਅਮਰਜੀਤ ਸਿੰਘ ਨੂੰ ਸਰਕਲ ਤਪਾ ਦਾ ਪ੍ਰਧਾਨ ਥਾਪਿਆ ਗਿਆ | ਇਸ ਮੌਕੇ ਕੈਪਟਨ ਵਿਕਰਮ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਕੈਪਟਨ ਵਿਕਰਮ ਸਿੰਘ ਮਾਂਗੇਵਾਲ, ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਨਾਇਬ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਨਛੱਤਰ ਸਿੰਘ, ਹੌਲਦਾਰ ਹਰਬੰਸ ਸਿੰਘ, ਹੌਲਦਾਰ ਅਮਨਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਹਾਜ਼ਰ ਸਨ |