ਤਪਾ ਮੰਡੀ, 2 ਜੂਨ (ਪ੍ਰਵੀਨ ਗਰਗ)-ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਵਲੋਂ ਪੁਲਿਸ ਫੋਰਸ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਗਾਤਾਰ ਯਤਨਾਂ ਤਹਿਤ ਸਬ-ਡਵੀਜ਼ਨ ਤਪਾ ਥਾਣੇ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ, ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਵੀ ਮੌਜੂਦ ਰਹੇ | ਨਿਰੀਖਣ ਦੌਰਾਨ ਡੀ.ਆਈ.ਜੀ. ਚਾਹਲ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਵੱਖ-ਵੱਖ ਕੇਸਾਂ ਸਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ | ਸਬ-ਡਵੀਜ਼ਨ ਅੰਦਰ ਸ਼ਾਂਤੀ ਬਣਾਈ ਰੱਖਣ ਤੇ ਅਪਰਾਧ ਰੋਕਣ ਲਈ ਚੌਕਸੀ ਤੇ ਤੇਜ਼ ਕਾਰਵਾਈ ਦੀ ਅਹਿਮੀਅਤ 'ਤੇ ਵੀ ਚਰਚਾ ਕੀਤੀ ਗਈ | ਸਾਰੇ ਪੁਲਿਸ ਸਟੇਸ਼ਨਾਂ 'ਚ ਮੌਜੂਦ ਜਾਇਦਾਦ, ਵਿਸ਼ੇਸ਼ ਤੌਰ 'ਤੇ ਕਬਜ਼ੇ ਵਾਲੇ ਵਾਹਨਾਂ ਦੇ ਨਿਪਟਾਰੇ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਪੁਲਿਸ ਸਟੇਸ਼ਨ ਵਿਚ ਚੰਗੀ ਰੱਖ-ਰਖਾਅ ਤੇ ਸਫ਼ਾਈ ਦੀ ਅਹਿਮੀਅਤ 'ਤੇ ਵੀ ਜ਼ੋਰ ਦਿੱਤਾ ਅਤੇ ਹਾਈਟੈੱਕ ਨਾਕੇ 'ਤੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ | ਡੀ.ਆਈ.ਜੀ. ਵਲੋਂ ਥਾਣਾ ਤਪਾ ਵਿਖੇ ਮੁੱਖ ਮੁਨਸ਼ੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਕਮਲ ਕਿਸ਼ੋਰ ਦੀ ਖ਼ੂਬ ਸ਼ਲਾਘਾ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.ਆਈ.ਜੀ. ਚਾਹਲ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਤੇ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਲਈ ਇਹ ਨਿਰੀਖਣ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸ਼ਾਂਤੀ ਤੇ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਹਰ ਹਾਲਤ 'ਚ ਸੁਰੱਖਿਆ ਯਤਨਾਂ ਨੂੰ ਉੱਚ ਤਰਜੀਹ ਦੇਵੇਗਾ ਤੇ ਲੋਕਾਂ ਨਾਲ ਸਹਿਯੋਗ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਥਾਣਾ ਤਪਾ ਦੀ ਮੁਖੀ ਨਵਦੀਪ ਕੌਰ ਚਾਹਲ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸਨ |