ਸੰਗਰੂਰ, 3 ਜੂਨ (ਅਮਨਦੀਪ ਸਿੰਘ ਬਿੱਟਾ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਤ ਪੈਨਸ਼ਨਰ ਜੁਆਇੰਟ ਫ਼ਰੰਟ ਦੇ ਆਗੂਆਂ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਵਿਨਾਸ਼ ਸ਼ਰਮਾ ਪ੍ਰਧਾਨ ਸੇਵਾ ਮੁਕਤੀ ਬਿਜਲੀ ਬੋਰਡ ਕਰਮਚਾਰੀ, ਜਗਦੀਸ਼ ਸ਼ਰਮਾ ਸਰਪ੍ਰਸਤ ਆਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ, ਪਿ੍ਤਪਾਲ ਸਿੰਘ ਪ੍ਰਧਾਨ ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਪੂਨਮਦੀਪ ਕੌਰ ਆਈ.ਏ.ਐਸ. ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਰਾਹੀ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਮ 'ਤੇ ਮੰਗ-ਪੱਤਰ ਦਿੱਤਾ ਗਿਆ | ਜੁਆਇੰਟ ਫ਼ਰੰਟ ਦੇ ਕਨਵੀਨਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਵਲੋਂ ਕੋਈ ਧਿਆਨ ਨਹੀਂ ਦੇ ਰਹੀ | ਇੱਥੋਂ ਤੱਕ ਕਿ ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ 'ਚ ਕੀਤੇ ਗਏ ਫ਼ੈਸਲਿਆਂ ਨੂੰ ਟਾਲਮਟੋਲ ਕਰ ਰਹੀ ਹੈ | ਆਗੂਆਂ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਮੰਗਾਂ ਵਿੱਚ 1-1-2016 ਤੋਂ ਪਹਿਲਾਂ ਸੇਵਾਮੁਕਤ ਹੋਈ ਕਰਮਚਾਰੀਆਂ ਦੀਆਂ ਪੈਨਸ਼ਨਰਾਂ, 6ਵੇ ਪੇ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ 2.50 ਗੁਣਾਂਕ ਨੂੰ ਲਾਗੂ ਨਾ ਕਰ ਕੇ 2.44.95 ਦਾ ਗੁਣਾਂਕ ਦਿੱਤਾ ਗਿਆ | ਇਸੇ ਲਈ ਪੈਨਸ਼ਨਰਾਂ ਦੀ ਮੰਗ ਹੈ ਕਿ 2.59 ਦਾ ਗੁਣਾਂਕ ਦਿੱਤਾ ਜਾਵੇ | ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 8-4-2026 ਨੂੰ ਸਿਵਲ ਰਿੱਟ ਦੇ ਕੀਤੇ ਫ਼ੈਸਲੇ ਅਨੁਸਾਰ 1-1-16 ਤੋ 30-6-2021 ਤੱਕ ਛੇਵੇਂ ਪੇਅ ਕਮਿਸ਼ਨ ਅਨੁਸਾਰ ਫਿਕਸ ਹੋਈ ਪੈਨਸ਼ਨ ਦਾ ਏਰੀਅਰ 30-6-26 ਤੱਕ ਜਾਰੀ ਕੀਤਾ ਜਾਵੇ | ਕੇਂਦਰ ਸਰਕਾਰ ਦੇ ਬਰਾਬਰ ਡੀਏ ਜੋ ਕਿ 60 ਫ਼ੀਸਦੀ ਹੈ, ਜਦੋਂਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ 42 ਪ੍ਰਤੀਸ਼ਤ ਦਿੱਤਾ ਜਾ ਰਿਹਾ ਹੈ | ਬਾਕੀ 18 ਫ਼ੀਸਦੀ ਡੀੇ ਸਮੇਤ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ | ਪੈਨਸ਼ਨਰਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਪੈਨਸ਼ਨਰਾਂ ਵਿੱਚ ਬਹੁਤ ਬੇਚੈਨੀ ਅਤੇ ਰੋਸ ਅਤੇ ਗ਼ੁੱਸਾ ਪੈਦਾ ਹੋ ਰਿਹਾ ਹੈ | ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਹੱਲ ਕਰਨ ਲਈ 17 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵਿਸ਼ਾਲ ਕਨਵੈੱਨਸ਼ਨ ਕਰ ਕੇ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਪੈਨਸ਼ਨਰ ਆਗੂ ਆਰਐਲ ਪਾਂਧੀ, ਬਿੱਕਰ ਸਿੰਘ ਸਿਬੀਆ, ਸੀਤਾ ਰਾਮ ਸ਼ਰਮਾ, ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਯੂਨਿਟ ਸੰਗਰੂਰ, ਜੰਟ ਸਿੰਘ ਸੋਹੀਆਂ, ਕਰਨੈਲ ਸਿੰਘ, ਸੁਰੇਸ਼ਪਾਲ, ਬਲਵੰਤ ਸਿੰਘ ਢਿੱਲੋਂ, ਕਸਤੂਰੀ ਲਾਲ, ਗੁਰਦਿਆਲ ਸਿੰਘ ਜਨਰਲ ਸਕੱਤਰ ਪੰਜਾਬ ਪੁਲਿਸ ਆਦਿ ਮੌਜੂਦ ਸਨ |