ਮਹਿਲ ਕਲਾਂ, 5 ਜੂਨ (ਤਰਸੇਮ ਸਿੰਘ ਗਹਿਲ)-ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਕਮਿਊਨਿਟੀ ਹੈਲਥ ਮਹਿਲ ਕਲਾਂ ਵਿਖੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਮੂੰਹ ਚਿੜਾ ਰਹੀਆਂ ਹਨ | ਹੈਲਥ ਸੈਂਟਰ ਤੋਂ ਦਿਹਾਤੀ ਆਮ ਗ਼ਰੀਬ ਲੋਕਾਂ ਨੂੰ ਕੋਈ ਲਾਭ ਪ੍ਰਾਪਤ ਨਾ ਹੋਣ ਕਰ ਕੇ ਉਕਤ ਕਮਿਊਨਿਟੀ ਹੈਲਥ ਸੈਂਟਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ | ਜਿਸ ਕਰ ਕੇ ਲੋਕਾਂ ਵਿਚ ਸਰਕਾਰ ਪ੍ਰਤੀ ਗਹਿਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਕਿ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਕਮਿਊਨਿਟੀ ਹੈਲਥ ਸੈਂਟਰ ਵਿਚ ਖ਼ਾਲੀ ਅਸਾਮੀਆਂ ਨੂੰ ਪੂਰਨ ਵਿਚ ਅਸਫਲ ਰਹੀ | ਬੱਚਿਆਂ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਮੈਡੀਸਨ ਤੇ ਆਪੇ੍ਰਸ਼ਨਾਂ ਦੇ ਮਾਹਿਰ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਹੋਣ ਕਰ ਕੇ ਆਮ ਲੋਕਾਂ ਨੂੰ ਇਲਾਜ ਲਈ ਨੇੜਲੇ ਹੋਰ ਸ਼ਹਿਰਾਂ ਦੇ ਨਿੱਜੀ ਹਸਪਤਾਲਾਂ ਵੱਲ ਰੁੱਖ ਕਰਨਾ ਪੈ ਰਿਹਾ ਹੈ, ਜਦਕਿ ਐਮਰਜੈਂਸੀ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ | ਜ਼ਿਕਰਯੋਗ ਹੈ ਕਿ ਬਠਿੰਡਾ-ਬਰਨਾਲਾ ਤੋਂ ਲੁਧਿਆਣਾ ਜਾਣ ਸਮੇਂ ਮੁੱਖ ਰਸਤੇ ਸਟੇਟ ਹਾਈਵੇ 'ਤੇ ਪੈਂਦਾ ਕਸਬਾ ਮਹਿਲ ਕਲਾਂ ਸਿਹਤ ਤੇ ਸਿੱਖਿਆ ਦੇ ਪੱਖੋਂ ਬੁਰੀ ਤਰ੍ਹਾਂ ਪਛੜਦਾ ਜਾ ਰਿਹਾ ਹੈ, ਇੱਥੋਂ ਸ਼ਹਿਰ ਬਰਨਾਲਾ ਦੀ ਦੂਰੀ ਲਗਭਗ 20 ਕਿੱਲੋਮੀਟਰ ਅਤੇ ਲੁਧਿਆਣਾ ਦੇ ਰਾਏਕੋਟ ਦੀ ਦੂਰੀ ਲਗਭਗ 15 ਕਿੱਲੋਮੀਟਰ ਹੋਣ ਕਰ ਕੇ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਲੈਣ ਵਿਚ ਢਾਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੀ ਕਾਂਗਰਸ ਦੀ ਸਰਕਾਰ ਵਲੋਂ ਕਸਬਾ ਮਹਿਲ ਕਲਾਂ ਨੂੰ ਪੂਰਨ ਰੂਪ ਵਿਚ ਸਬ ਡਵੀਜ਼ਨ ਦਾ ਦਰਜਾ ਦੇਣ ਤੋਂ ਬਾਅਦ ਵੀ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਜਿਉਂ ਦਾ ਤਿਉਂ ਹੈ | ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਹੋਣ ਕਰ ਕੇ ਰੋਜ਼ਾਨਾ ਓ.ਪੀ.ਡੀ. ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਵੀ ਸਹੀਂ ਸਮੇਂ ਮਰੀਜ਼ਾਂ ਨਹੀਂ ਮਿਲਦੀਆਂ, ਕਈ ਵਾਰ ਐਮਰਜੈਂਸੀ ਹਾਲਤ ਵਿਚ ਮਰੀਜ਼ਾਂ ਨੂੰ ਅਗਾਂਹ ਪਿਛਾਂਹ ਹੋਰ ਹਸਪਤਾਲਾਂ ਦਾ ਰੁੱਖ ਕਰਨਾ ਪੈਦਾ ਹੈ | ਅੱਜ ਬਾਅਦ ਦੁਪਹਿਰ ਪਿੰਡ ਸਹਿਜੜਾ ਤੋਂ ਕਮਿਊਨਿਟੀ ਹੈਲਥ ਸੈਂਟਰ ਵਿਚ ਐਮਰਜੈਂਸੀ ਸਿਹਤ ਸੇਵਾਵਾਂ ਲੈਣ ਲਈ ਆਈ ਇਕ ਮਹਿਲਾ ਨੂੰ ਦਰਦ ਭਰੀ ਹਾਲਤ ਵਿਚ ਹਸਪਤਾਲ ਛੱਡ ਕਿਸੇ ਹੋਰ ਹਸਪਤਾਲ ਵੱਲ ਰੁੱਖ ਕਰਨਾ ਪਿਆ ਕਿਉਂਕਿ ਜਦੋਂ ਉਕਤ ਮਹਿਲਾ ਐਮਰਜੈਂਸੀ ਸੇਵਾਵਾਂ ਲਈ ਹਸਪਤਾਲ ਪੁੱਜੀ ਤਾਂ ਹਸਪਤਾਲ ਵਿਚ ਡਿਊਟੀ 'ਤੇ ਹਾਜ਼ਰ ਡਾਕਟਰ ਓ.ਪੀ.ਡੀ. ਕਰ ਰਹੇ ਸਨ ਤੇ ਹਸਪਤਾਲ ਦੀ ਐਮਰਜੈਂਸੀ ਵਿਚ ਮਹਿਲਾ ਮਰੀਜ਼ ਦਰਦ ਨਾਲ ਤੜਫ਼ ਰਹੀ ਸੀ | ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਾਡਾ ਮਰੀਜ਼ ਦਰਦ ਭਰੀ ਹਾਲਤ ਵਿਚ ਸੀ ਤਾਂ ਹਸਪਤਾਲ ਵਿਚ ਮੌਜੂਦ ਡਾਕਟਰ ਵਲੋਂ ਓ.ਪੀ.ਡੀ. ਕੀਤੀ ਜਾ ਰਹੀ ਸੀ ਤੇ ਹਸਪਤਾਲ ਦੇ ਕਰਮਚਾਰੀਆਂ ਨੇ ਡਾਕਟਰ ਨੂੰ ਐਮਰਜੈਂਸੀ ਵਿਚ ਬਲਾਉਣਾ ਮੁਨਾਸਬ ਨਹੀਂ ਸਮਝਿਆਂ ਤਾਂ ਫਿਰ ਮਰੀਜ਼ ਨੂੰ ਜ਼ਖ਼ਮੀ ਹਾਲਤ ਵਿਚ ਓ.ਪੀ.ਡੀ. ਕਰ ਰਹੇ ਡਾਕਟਰ ਪਾਸ ਚੈੱਕਅਪ ਕਰਾਉਣ ਲਈ ਨੂੰ ਖ਼ੁਦ ਜਾਣਾ ਪਿਆ, ਜਿਹੜਾ ਕਿ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਇਸ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਣੀ ਚਾਹੀਦੀ ਹੈ | ਹਸਪਤਾਲ ਦੀਆਂ ਖ਼ਾਲੀ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੌਜਵਾਨ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਅੰਨ੍ਹੀ ਪੀਂਹਦੀ ਤੇ ਕੁੱਤੇ ਖਾਂਦੇ ਵਾਲਾ ਕੰਮ ਹੋਇਆ ਪਿਆ, ਇੱਥੇ ਕੋਈ ਰਾਜਾ ਬਾਬੂ ਨਹੀਂ ਜੋ ਗ਼ਰੀਬ ਅਤੇ ਆਮ ਲੋਕਾਂ ਦੀ ਸਾਰ ਲਵੇ | ਇਸ ਸਮੇਂ ਨੌਜਵਾਨ ਖ਼ਿਆਲੀ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਹਸਪਤਾਲ ਵਿਚ ਹੋ ਰਹੀਆਂ ਮਨਮਾਨੀਆਂ ਦੀ ਸਾਰ ਲਈ ਜਾਵੇ ਤੇ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇ |