ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ) - ਅੱਜ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ਪਹੁੰਚ ਕੇ ਆਪਣੀ ਸ਼ਰਧਾ ਭੇਂਟ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਨੂੰ ਮੁੱਖ ਰੱਖ ਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਲ ਸਬੰਧਤ ਬੀਬੀਆਂ ਦੇ ਜਥੇ ਪਿਛਲੇ 40 ਦਿਨਾਂ ਤੋਂ ਲਗਾਤਾਰ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰਜੀਤ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀਆਂ ਬਾਣੀਆਂ, ਸਿੱਖ ਧਰਮ ਲਈ ਕੀਤੀਆਂ ਅਨਮੋਲ ਸੇਵਾਵਾਂ ਅਤੇ ਲਾਸਾਨੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਵਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ, ਮਨਪ੍ਰੀਤ ਸਿੰਘ ਭਲਵਾਨ, ਸਤਿਗੁਰ ਸਿੰਘ ਅਕਾਊਟੈਂਟ, ਰਾਜਵੀਰ ਸਿੰਘ ਰਿਕਾਰਡ ਕੀਪਰ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਸਟੋਰ ਕੀਪਰ, ਗੁਰਸੇਵਕ ਸਿੰਘ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗੁਰਮਤਿ ਸਮਾਗਮ ਦੌਰਾਨ ਸਵੇਰੇ ਵੇਲੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ �ਂਕਾਰ ਸਿੰਘ ਦੇ ਜੱਥੇ ਵੱਲੋ ਕੀਰਤਨ ਕੀਤਾ ਗਿਆ। ਦੁਪਹਿਰ ਸਮੇਂ ਸਜ਼ਾਏ ਦੀਵਾਨ ਵਿਚ ਭਾਈ �ਮਪ੍ਰੀਤ ਸਿੰਘ (ਲੁਧਿਆਣੇ ਵਾਲੇ) ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਜਥੇ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਵਲੋਂ ਕਾਲੇ ਛੋਲਿਆਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਘੇਲ ਸਿੰਘ ਉੱਭੀ, ਸਕੱਤਰ ਹਰਦੀਪ ਸਿੰਘ ਦੀਪ, ਕਿ੍ਸ਼ਨ ਸਿੰਘ ਰਾਜੜ੍ਹ, ਡਾ ਰੁਪਿੰਦਰ ਸਿੰਘ, ਬਲਜੀਤ ਸਿੰਘ ਬਾਲੀ, ਕੀਰਤਨ ਸਿੰਘ, ਸੁਖਜਿੰਦਰ ਸਿੰਘ ਰਾਜੜ੍ਹ, ਅਮਰਜੀਤ ਸਿੰਘ ਉਭੀ, ਸਾਬਕਾ ਪ੍ਰਧਾਨ ਭਜਨ ਸਿੰਘ ਬਰਾੜ, ਮੁੱਖ ਗ੍ਰੰਥੀ ਭਾਈ ਰਵਿੰਦਰ ਸਿੰਘ, ਭੁਪਿੰਦਰ ਸਿੰਘ ਭਰਪੂਰ, ਗੁਰਪ੍ਰੀਤ ਸਿੰਘ ਪੀਤਾ, ਅਵਤਾਰ ਸਿੰਘ ਬਿਰਦੀ, ਦਲਜੀਤ ਸਿੰਘ ਗਲੋਬਲ, ਨਿਹਾਲ ਸਿੰਘ ਉੱਭੀ, ਟਹਿਲ ਸਿੰਘ ਦੁੱਲਮਾ, ਜਸਪ੍ਰੀਤ ਸਿੰਘ ਘਲੋਟੀ ਆਦਿ ਪ੍ਰਬੰਧਕਾਂ ਤੋਂ ਬਿਨਾ ਵੱਡਾ ਗਿਣਤੀ ਚ ਸੰਗਤਾਂ ਨੇ ਹਾਜਰੀ ਭਰੀ।
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ‘ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਹੇ ਪਾਠਾਂ ਦੀ ਸਮਾਪਤੀ ਕੀਤੀ। ਇਸ ਮੌਕੇ ‘ਤੇ ਗੁਰੂ ਘਰ ਦੇ ਮੈਨੈਜਰ ਜਗਜੀਤ ਸਿੰਘ ਜੱਗੀ ਸੰਗਤਪੁਰਾ ਦੱਸਿਆ ਕਿ ਸ਼੍ਰੀ ਸਖਮਨੀ ਸਾਹਿਬ ਦੇ ਪਾਠਾਂ ਦੀ ਸਮਾਪਤੀ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਰਾਗੀ ਸਿੰਘਾਂ ਨੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਸਬੰਧੀ ਵਿਸਥਾਰ ਪੂਰਬਕ ਚਾਨਣਾਂ ਪਾਇਆ। ਇਸ ਮੌਕੇ ‘ਤੈ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਸਮਾਗਮ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਕੇਵਲ ਸਿੰਘ, ਬੀਬੀ ਸਿੰਦਰਪਾਲ ਕੌਰ , ਬੀਬੀ ਭੋਲੀ ਕੌਰ, ਬੀਬੀ ਅਮਨਦੀਪ ਕੌਰ ਭਾਈ ਸਤਿੰਦਰਪਾਲ ਸਿੰਘ ਗ੍ਰੰਥੀ, ਭਾਈ ਅਮਨਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ‘ਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਛਬੀਲਾਂ ਲਗਾਈਆਂ ਗਈਆਂ। ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਵੀ ਪਾਠਾਂ ਦੇ ਭੋਗ ਪਾ ਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ।
ਚੀਮਾ ਮੰਡੀ, (ਗੁਰਜੀਤ ਸਿੰਘ ਚਹਿਲ) - ਸਥਾਨਕ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ ਲਈ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਅਤੇ ਘੁੰਗਣੀਆਂ ਦੇ ਪ੍ਰਸ਼ਾਦ ਦਾ ਅਤੁੱਟ ਲੰਗਰ ਵਰਤਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਦੋ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਮੌਕੇ ਭਾਰੀ ਗਿਣਤੀ ‘ਚ ਪੁੱਜੀਆਂ ਸੰਗਤਾਂ ਨੇ ਗੁਰੂ ਚਰਨਾਂ ‘ਚ ਹਾਜ਼ਰੀ ਭਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਜੂਰੀ ਰਾਗੀ ਜਥਾ ਗੁ. ਜਨਮ ਅਸਥਾਨ ਸਾਹਿਬ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸਮਾਗਮ ਦੇ ਅਖੀਰ ਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਜੀ ਦੇ ਤਿਆਗ, ਸਬਰ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣ ਦਾ ਸੱਦਾ ਦਿੱਤਾ । ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ ਵਿਖੇ ਅੱਜ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਭਾਈ ਹੀਰਾ ਸਿੰਘ ਮਾਛੀਵਾੜਾ ਅਤੇ ਭਾਈ ਨਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਨੇ ਰਸਭਿੰਨਾ ਕੀਰਤਨ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਸੁਖਵੀਰ ਸਿੰਘ ਫਲੋਂਡ ਅਤੇ ਚਰਨਪ੍ਰੀਤ ਸਿੰਘ ਮਾਹੌਰਾਣਾ ਨੇ ਦੋ ਦਿਨ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਾਕੇ ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ ਜਾਵੇ। ਦੋ ਦਿਨਾਂ ਤੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸ. ਅਜੀਤ ਸਿੰਘ ਚੰਦੂਰਾਈਆਂ, ਹਰਿੰਦਰ ਸਿੰਘ ਢੀਂਡਸਾ ਪ੍ਰਧਾਨ, ਬਹਾਦਰ ਸਿੰਘ ਖ਼ਜ਼ਾਨਚੀ, ਆਤਮਾ ਸਿੰਘ ਇੰਸਪੈਕਟਰ, ਆਤਮਾ ਸਿੰਘ ਢਿੱਲੋਂ, ਡਾ. ਹਰਮੇਲ ਸਿੰਘ, ਗੁਰਦੀਪ ਸਿੰਘ, ਮਾਸਟਰ ਪਿਆਰਾ ਸਿੰਘ, ਸੁਰਜੀਤ ਸਿੰਘ ਡਿਫੈਂਸ ਕਲੋਨੀ, ਜ਼ੋਰਾ ਸਿੰਘ ਮਹਿਮੀ, ਹਰਬੰਸ ਸਿੰਘ ਸੈਕਟਰੀ, ਹਰਬਖਸ਼ ਸਿੰਘ, ਮਾਸਟਰ ਮੁਖਤਿਆਰ ਸਿੰਘ, ਪ੍ਰਿੰਸੀਪਲ ਮੰਗਤ ਸਿੰਘ, ਪ੍ਰੋ. ਰਾਜਿੰਦਰ ਸਿੰਘ, ਦਰਬਾਰਾ ਸਿੰਘ ਤੋਂ ਇਲਾਵਾ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ
ਅਜੀਤ ਡੈਸਕ
19-06-2026