ਚੀਮਾ ਮੰਡੀ, 25 ਜੂਨ (ਗੁਰਜੀਤ ਸਿੰਘ ਚਹਿਲ) - ਸੂਬੇ ਭਹ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਰ.ਆਈ.) 2026 ਤਹਿਤ ਅੱਜ 25 ਜੂਨ ਤੋਂ ਘਰ-ਘਰ ਐਨਿਊਮਰੇਸ਼ਨ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੁਹਿੰਮ ਦੌਰਾਨ ਬੂਥ ਲੈਵਲ ਅਫਸਰ (ਬੀ.ਐਲ.ਓ.) ਹਰ ਘਰ ਵਿੱਚ ਜਾ ਕੇ ਵੋਟਰਾਂ ਨੂੰ ਐਨਿਊਮਰੇਸ਼ਨ ਫਾਰਮ ਵੰਡਣਗੇ, ਉਸ ਨੂੰ ਭਰਨ ਵਿੱਚ ਸਹਾਇਤਾ ਕਰਨਗੇ ਅਤੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਪੰਜਾਬ ਦੀ ਮੁੱਖ ਚੋਣ ਅਫਸਰ ਅਨਿੰਦਿਤਾ ਮਿਤਰਾ ਦੇ ਦੱਸਣ ਮੁਤਾਬਕ ਇਹ ਮੁਹਿੰਮ 24 ਜੁਲਾਈ ਤੱਕ ਚੱਲੇਗੀ ਅਤੇ ਇਸ ਦੌਰਾਨ ਸੂਬੇ ਦੇ ਸਾਰੇ ਰਜਿਸਟਰਡ ਵੋਟਰਾਂ ਤੱਕ ਪਹੁੰਚ ਬਣਾਈ ਜਾਵੇਗੀ। ਜੇਕਰ ਕਿਸੇ ਘਰ ਤੋਂ ਫਾਰਮ ਪ੍ਰਾਪਤ ਨਹੀਂ ਹੁੰਦਾ ਤਾਂ ਬੀ.ਐਲ.ਓ. ਵੱਲੋਂ ਤਿੰਨ ਵਾਰ ਤੱਕ ਦੌਰਾ ਕੀਤਾ ਜਾਵੇਗਾ। ਮੁੱਖ ਚੋਣ ਅਫਸਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੀ.ਐਲ.ਓ. ਨਾਲ ਪੂਰਾ ਸਹਿਯੋਗ ਕਰਨ, ਆਪਣੀ ਜਾਣਕਾਰੀ ਸਹੀ ਤਰੀਕੇ ਨਾਲ ਭਰਨ ਅਤੇ ਸਮੇਂ ਸਿਰ ਫਾਰਮ ਜਮ੍ਹਾਂ ਕਰਵਾਉਣ। ਇਸ ਮੁਹਿੰਮ ਦਾ ਉਦੇਸ਼ ਵੋਟਰ ਸੂਚੀਆਂ ਨੂੰ ਹੋਰ ਸਹੀ, ਅੱਪਡੇਟ ਅਤੇ ਪਾਰਦਰਸ਼ੀ ਬਣਾਉਣਾ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ । ਐਸ ਆਈ ਆਰ 2026 ‘ਚ ਹਰੇਕ ਵੋਟਰ ਦੀ ਭਾਗੀਦਾਰੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹੈ ਅਤੇ ਸਾਰੇ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਉਣ।