ਤਪਾ ਮੰਡੀ, 7 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਵਪਾਰੀਆਂ ਨਾਲ ਮੀਟਿੰਗਾਂ ਕਰਨ ਦੀ ਯੋਜਨਾ ਤਹਿਤ ਸਕੂਲ ਰੋਡ ਨੇੜੇ ਪੰਚਾਇਤੀ ਮੰਦਰ ਤਪਾ ਵਿਖੇ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪੰਜਾਬ ਟਰੇਡਰਜ਼ ਕਮਿਸ਼ਨ ਹਲਕਾ ਭਦੌੜ ਦੇ ਚੇਅਰਮੈਨ ਮਨੀਸ਼ ਗਰਗ, ਮੈਂਬਰ ਰਵੀ ਮੌੜ, ਸਰਪੰਚ ਹਰਚਰਨ ਸਿੰਘ, ਸੁਖਬੀਰ ਸਿੰਘ ਖੁੱਡੀ ਅਤੇ ਰਾਜ ਮਾਰਕੰਡਾ ਆਦਿ ਦੀ ਦੇਖ-ਰੇਖ ਹੇਠ ਹੋਈ। ਜਿਸ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀ ਅਤੇ ਵਪਾਰੀ ਵਰਗ ਦੀਆਂ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਚੇਅਰਮੈਨ ਮਨੀਸ਼ ਗਰਗ ਨੇ ਕਿਹਾ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਅਗਵਾਈ ਵਿਚ ਭਦੌੜ ਹਲਕੇ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹਨ ਅਤੇ ਸਰਕਾਰ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਵਪਾਰੀਆਂ/ਦੁਕਾਨਦਾਰਾਂ ਤੱਕ ਪਹੁੰਚ ਕੇ ਉਨ੍ਹਾਂ ਮੁਸ਼ਕਲਾਂ ਸੁਣਕੇ ਹੱਲ ਕਰਵਾਈਆਂ ਜਾ ਰਹੀਆਂ ਹਨ। ਇਸ ਮੀਟਿੰਗ ਦਾ ਮੁੱਖ ਮਕਸਦ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਦਾ ਹੱਲ ਕਰਨਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ, ਦੁਕਾਨਦਾਰਾਂ ਤੇ ਉੱਦਮੀਆਂ ਲਈ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ’ਪੰਜਾਬ ਟਰੇਡ ਕਮਿਸ਼ਨ’ ਦਾ ਗਠਨ ਕੀਤਾ ਗਿਆ ਹੈ। ਵਪਾਰੀ ਕਮਿਸ਼ਨ ਦੀ ਮੀਟਿੰਗ ਵਿਚ ਵਪਾਰੀਆਂ/ਦੁਕਾਨਦਾਰਾਂ ਵਲੋਂ ਆਪਣੀਆਂ ਵੱਖ ਵੱਖ ਮੁਸ਼ਕਲਾਂ ਦੱਸੀਆਂ ਗਈਆਂ। ਦੁਕਾਨਦਾਰਾਂ ਵਲੋਂ ਲਾ ਕੇ ਅੰਦਰ ਵਾਪਰ ਰਹੀਆਂ ਲੁੱਟਾਂ ਖੋਹਾਂ, ਚੋਰੀ ਦੀਆਂ ਘਟਨਾਵਾਂ, ਝੂਠੇ ਪਰਚੇ, ਸਿਹਤ ਵਿਭਾਗ ਵੱਲੋਂ ਕੀਤੀ ਜਾਂਦੀ ਸੈਂਪਲਿੰਗ, ਬਿਜਲੀ ਦੀਆਂ ਸਮੱਸਿਆਵਾਂ ਜਿਵੇਂ ਹਾਈਟੈਂਸ਼ਨ ਤਾਰਾਂ ਦੂਰ ਕਰਨਾ, ਬਿਜਲੀ ਦੇ ਮੀਟਰ ਉੱਚੇ ਕਰਨਾ, ਨਾਜਾਇਜ਼ ਕਬਜ਼ੇ, ਟਰੈਫ਼ਿਕ ਦੀ ਸਮੱਸਿਆ ਆਦਿ ਵੱਖ-ਵੱਖ ਮੁਸ਼ਕਲਾਂ ਦੱਸੀਆਂ ਗਈਆਂ, ਜਿਨ੍ਹਾਂ ਨੂੰ ਸੰਬੰਧਿਤ ਵਿਭਾਗਾਂ ਵਲੋਂ ਸਮਾਂਬੱਧ ਢੰਗ ਨਾਲ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ, ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ, ਡਾਕਟਰ ਬਾਂਕੇ ਬਿਹਾਰੀ, ਫੂਡ ਸਪਲਾਈ ਇੰਸਪੈਕਟਰ ਭੂਸ਼ਣ ਗੋਇਲ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।