10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਨਵੇਂ ਟਿਊਬਵੈੱਲਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 08-07-2026

ਸੁਨਾਮ ਊਧਮ ਸਿੰਘ ਵਾਲਾ, 7 ਜੁਲਾਈ (ਰੁਪਿੰਦਰ ਸਿੰਘ ਸੱਗੂ, ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਵਿੱਚ ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਇਸੇ ਸੋਚ ਤਹਿਤ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੁਨਾਮ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਰਹਿੰਦੀ ਸੀ, ਉਨ੍ਹਾਂ ਦੀ ਪਛਾਣ ਕਰਨ ਉਪਰੰਤ ਇਹ ਦੋਵੇਂ ਟਿਊਬਵੈੱਲ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਟਿਊਬਵੈੱਲ ਰਾਹੀਂ ਪਟਿਆਲਾ ਰੋਡ, ਤਰਕਸ਼ੀਲ ਪਾਰਕ, ਮੋਰਾਂਵਾਲੀ ਅਤੇ ਮਹਾਰਾਜਾ ਪੈਲੇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣੇਗੀ, ਜਦਕਿ ਦੂਜੇ ਟਿਊਬਵੈੱਲ ਨਾਲ ਸਿਨੇਮਾ ਰੋਡ ਅਤੇ ਹੋਰ ਨੇੜਲੇ ਇਲਾਕਿਆਂ ਦੇ ਹਜ਼ਾਰਾਂ ਵਸਨੀਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਨਵੇਂ ਟਿਊਬਵੈੱਲ ਲਗਾਉਣ ਤੱਕ ਸੀਮਤ ਨਹੀਂ, ਸਗੋਂ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ, ਉੱਥੇ ਲੋੜ ਅਨੁਸਾਰ ਹੋਰ ਪ੍ਰੋਜੈਕਟ ਵੀ ਲਿਆਂਦੇ ਜਾਣਗੇ। ਸ਼ਹਿਰ ਦੀਆਂ ਸੜਕਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ, ਇੰਟਰਲਾਕਿੰਗ ਟਾਈਲਾਂ ਜਾਂ ਹੋਰ ਵਿਕਾਸ ਕਾਰਜ ਹੋਣੇ ਹਨ, ਉਨ੍ਹਾਂ ਦੀ ਪੂਰੀ ਪਛਾਣ ਕੀਤੀ ਜਾ ਚੁੱਕੀ ਹੈ। ਬਰਸਾਤੀ ਮੌਸਮ ਕਾਰਨ ਕੁਝ ਕੰਮਾਂ ਵਿੱਚ ਅਸਥਾਈ ਦੇਰੀ ਹੋ ਸਕਦੀ ਹੈ, ਪਰ ਮੌਸਮ ਅਨੁਕੂਲ ਹੁੰਦਿਆਂ ਹੀ ਸਾਰੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਮੁਕੰਮਲ ਕੀਤੇ ਜਾਣਗੇ। ਅੰਡਰਬ੍ਰਿਜ਼ ਵਿੱਚ ਪਾਣੀ ਭਰਨ ਦੀ ਸਮੱਸਿਆ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਪੁਰਾਣੇ ਅੰਡਰਬ੍ਰਿਜ਼ ਦੀ ਉਸਾਰੀ ਦੌਰਾਨ ਤਕਨੀਕੀ ਖਾਮੀਆਂ ਰਹਿ ਗਈਆਂ ਸਨ, ਜਿਸ ਕਾਰਨ ਉਥੇ ਬਰਸਾਤ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਸਮੱਸਿਆ ਦੇ ਸਥਾਈ ਹੱਲ ਲਈ ਸੀਵਰੇਜ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਇੰਜੀਨੀਅਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਅੰਡਰਬ੍ਰਿਜ਼ ਦੇ ਨਿਰਮਾਣ ਸਮੇਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਮੀਂਹ ਦਾ ਪਾਣੀ ਅੰਦਰ ਨਾ ਜਾਵੇ ਅਤੇ ਜੇਕਰ ਕਿਸੇ ਹਾਲਤ ਵਿੱਚ ਪਾਣੀ ਇਕੱਠਾ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਬਾਹਰ ਕੱਢਣ ਲਈ ਢੁਕਵਾਂ ਪੰਪਿੰਗ ਸਿਸਟਮ ਵੀ ਮੌਜੂਦ ਹੋਵੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜਿਹੜਾ ਵੀ ਹੱਲ ਕੀਤਾ ਜਾਵੇਗਾ, ਉਹ ਤਕਨੀਕੀ ਮਾਹਿਰਾਂ ਦੀ ਸਲਾਹ ਅਤੇ ਲੰਬੇ ਸਮੇਂ ਦੀ ਯੋਜਨਾ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਵੇਗਾ। ਨਾਮ ਦੇ ਮਾਸਟਰ ਪਲਾਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਹਾਊਸਿੰਗ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਸੁਨਾਮ ਅਤੇ ਧੂਰੀ ਲਈ ਮਾਸਟਰ ਪਲਾਨ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਤਕਨੀਕੀ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ, ਪਰ ਸਰਕਾਰ ਇਸ ਨੂੰ ਤਰਜੀਹ ਦੇ ਆਧਾਰ ‘ਤੇ ਅੱਗੇ ਵਧਾ ਰਹੀ ਹੈ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਸ਼ਹਿਰ ਦਾ ਯੋਜਨਾਬੱਧ ਅਤੇ ਟਿਕਾਊ ਵਿਕਾਸ ਯਕੀਨੀ ਬਣਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੁਨਾਮ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਹਰ ਨਾਗਰਿਕ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਮਲਾ ਸ਼ੇਰਪੁਰ ਦੇ ਮੁੱਖ ਬਾਜ਼ਾਰ ਵਾਲੀ ਸੜਕ ਨੂੰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਣਾਉਣ ਦਾ ਹਲਕਾ ਵਿਧਾਇਕ ਪੰਡੋਰੀ ਨੇ... ਅਗਲੀ ਖ਼ਬਰ ਟਰੇਡਰਜ਼ ਕਮਿਸ਼ਨ ਤਹਿਤ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ
Ad Position 24