ਮਹਿਲ ਕਲਾਂ, 17 ਜੁਲਾਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਲੋਕ ਕਵੀ ਸੰਤ ਰਾਮ ਉਦਾਸੀ ਦੇ ਪਿੰਡ ਰਾਏਸਰ ਪੰਜਾਬ ਵਿਖੇ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰ ਪਰਿਵਾਰਾਂ ਦੀਆਂ ਅੱਜ ਮੰਗਾਂ ਮੰਨੇ ਜਾਣ ਉਪਰੰਤ ਨਾਅਰਿਆਂ ਦੀ ਗੂੰਜ ’ਚ ਧਰਨਾ ਸਮਾਪਤ ਹੋਇਆ। ਇਸ ਮੌਕੇ ਡੀ.ਐੱਸ.ਪੀ. ਸਤਵਿੰਦਰ ਸਿੰਘ ਵਿਰਕ ਵਲੋਂ ਧਰਨੇ ’ਤੇ ਬੈਠੇ ਮਜ਼ਦੂਰ ਪਰਿਵਾਰਾਂ ਨੂੰ ਇਨਸਾਫ਼ ਦਾ ਵਿਸ਼ਵਾਸ ਦੁਆਇਆ। ਉਨ੍ਹਾਂ ਸਪੱਸ਼ਟ ਕਿਹਾ ਰੂੜੀਆਂ ਵਾਲੀ ਥਾਂ ਉਪਰ ਕੋਈ ਪਾਰਕ ਜਾਂ ਗਰਾਊਂਡ ਨਹੀਂ ਬਣਾਇਆ ਜਾਵੇਗਾ। ਜਿੱਥੇ ਪਹਿਲਾ ਵਾਂਗ ਮਜ਼ਦੂਰ ਪਰਿਵਾਰ ਆਪਣੀਆਂ ਰੂੜੀਆਂ ਵਗ਼ੈਰਾ ਲਗਾ ਸਕਣਗੇ। ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ। ਉਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਆਪਣੇ ਵਲੋਂ ਸੰਭਵ ਸਹਿਯੋਗ ਦੁਆਏ ਜਾਣ ਤੋਂ ਬਾਅਦ ਮਜ਼ਦੂਰ ਪਰਿਵਾਰਾਂ ਨੇ ਸਹਿਮਤ ਹੁੰਦੇ ਹੋਏ ਆਪਣਾ ਧਰਨਾ, ਰੋਸ ਪ੍ਰਦਰਸ਼ਨ ਸਮਾਪਤ ਕਰਨ ਦਾ ਐਲਾਨ ਕੀਤਾ। ਪਾਣੀ ਵਾਲੀ ਟੈਂਕੀ ਉਪਰ ਬੀਤੇ ਬੁੱਧਵਾਰ ਤੋਂ ਕੜਕਦੀ ਗਰਮੀ ’ਚ ਧਰਨਾ ਦੇ ਰਹੀਆਂ ਮਜ਼ਦੂਰ ਔਰਤਾਂ ਨੂੰ ਹਾਰਾਂ ਨਾਲ ਸਨਮਾਨਿਤ ਕਰਕੇ ਹੇਠਾਂ ਉਤਾਰਿਆ ਗਿਆ। ਇਸ ਮੌਕੇ ਬਸਪਾ ਆਗੂਆਂ ਦਰਸ਼ਨ ਸਿੰਘ ਬਾਜਵਾ, ਸਰਬਜੀਤ ਸਿੰਘ ਖੇੜੀ, ਜਥੇਦਾਰ ਸਰਬਜੀਤ ਸਿੰਘ ਛੀਨੀਵਾਲ ਖੁਰਦ ਨੇ ਪਰਿਵਾਰਾਂ ਨੂੰ ਸਹਿਯੋਗ ਦਾ ਵਿਸ਼ਵਾਸ ਦੁਆਇਆ। ਆਪ ਆਗੂ ਨਿਰਮਲ ਸਿੰਘ ਨਿੰਮਾ ਛੀਨੀਵਾਲ ਨੇ ਪੀੜਤਾ ਨੂੰ ਹਰ ਸੰਭਵ ਸਹਿਯੋਗ ਦਾ ਐਲਾਨ ਕੀਤਾ। ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਮਜ਼ਦੂਰਾਂ ਦੇ ਸੰਘਰਸ਼ ਦੀ ਜਿੱਤ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਮਜ਼ਦੂਰ ਵਰਗ ਨਾਲ ਕਿਸੇ ਕਿਸਮ ਦੀ ਬੇਇਨਸਾਫ਼ੀ ਨਹੀਂ ਹੋਣ ਦਿਤੀ ਜਾਵੇਗੀ। ਉਨ੍ਹਾਂ ਮਜ਼ਦੂਰ ਪਰਿਵਾਰਾਂ ਨੂੰ ਆਪਣੀ ਜਥੇਬੰਦਕ ਸ਼ਕਤੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ, ਐਸ.ਐੱਚ.ਓ. ਅਜੈਬ ਸਿੰਘ ਠੁੱਲੀਵਾਲ, ਸੰਮਤੀ ਮੈਂਬਰ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਸੁਖਦੀਪ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ, ਗਿਆਨ ਕੌਰ, ਅਮਨਦੀਪ ਕੌਰ, ਲਖਵੀਰ ਕੌਰ, ਮਨਪ੍ਰੀਤ ਕੌਰ, ਜਥੇ: ਗੁਰਜੰਟ ਸਿੰਘ ਰਾਏਸਰ ਆਦਿ ਵੱਡੀ ਗਿਣਤੀ ’ਚ ਮਜ਼ਦੂਰ ਹਾਜ਼ਰ ਸਨ।