ਬਰਨਾਲਾ, 17 ਜੁਲਾਈ (ਰਾਜ ਪਨੇਸਰ)-ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਫਿਰ ਤੋਂ ਲਾਗੂ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੱਕਣ ਦਾ ਕੰਮ ਕਰ ਕੇ ਧਰੋ ਕਮਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਅਤੇ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ, ਜੋ ਹਰੇਕ ਦਾ ਢਿੱਡ ਭਰਦੀ ਹੈ ਪਰ ਸਰਕਾਰ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਦੀਆਂ ਆ ਰਹੀਆਂ ਹਨ। ਜਿਸ ਦਾ ਸਮੇਂ-ਸਮੇਂ ’ਤੇ ਕਿਸਾਨਾਂ ਵਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਸਰਕਾਰਾਂ ਨੂੰ ਆਪਣੇ ਜਾਰੀ ਕੀਤੇ ਹੁਕਮਾਂ ਨੂੰ ਪੁੱਠੇ ਪੈਰੀਂ ਵਾਪਸ ਵੀ ਲੈਣਾ ਪੈਂਦਾ ਰਿਹਾ ਹੈ। ਪਿਛਲੇ ਸਮੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਘਰਾਣੇ ਨਾਲ ਮਿਲੀ ਭਗਤ ਕਰ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ’ਚੋਂ ਥੋੜ੍ਹਾ ਜਿਹਾ ਟੁਕੜਾ ਜ਼ਮੀਨ ਦੇਖ ਕੇ ਜ਼ਮੀਨਾਂ ਹੜੱਪਣ ਦਾ ਫ਼ਰਮਾਨ ਜਾਰੀ ਕੀਤਾ ਸੀ। ਸਾਰੇ ਪੰਜਾਬ ’ਚ ਇਸ ਦਾ ਡਟ ਕੇ ਵਿਰੋਧ ਹੋਇਆ ਸੀ ਅਤੇ ਹਾਕਮ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਅਤੇ ਆਪਣੇ ਵਲੋਂ ਜਾਰੀ ਫ਼ਰਮਾਨ ਥੋੜੇ੍ਹ ਦਿਨਾਂ ’ਚ ਵਾਪਸ ਲੈਣਾ ਪਿਆ ਤੇ ਹੁਣ ਇਕ ਵਾਰ ਫਿਰ ਕਿਸਾਨਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਜ਼ਮੀਨਾਂ ਹੜੱਪਣ ਦਾ ਸ਼ੜਯੰਤਰ ਸਰਕਾਰ ਵਲੋਂ ਰਚਿਆ ਜਾਂ ਰਿਹਾ ਹੈ। ਕਿਸਾਨ ਉਸ ਨੂੰ ਕਿਸੇ ਕੀਮਤ ’ਤੇ ਕਦੇ ਬਰਦਾਸ਼ਤ ਨਹੀਂ ਕਰਨਗੇ। ਸ: ਗਰੇਵਾਲ ਨੇ ਕਿਹਾ ਕਿ ਬਾਕੀ ਸਰਕਾਰ ਦੇ ਮਹੀਨੇ ਚਾਰ ਹੀ ਰਹਿ ਗਏ, ਲੋਕ ਇਨ੍ਹਾਂ ਦੀਆਂ ਚਾਲਾਂ ’ਚ ਹੁਣ ਨਹੀਂ ਆਉਣਗੇ। 2027 ’ਚ ਇਨ੍ਹਾਂ ਨੂੰ ਚੱਲਦਿਆਂ ਕਰਦਿਆਂ ਪੰਜਾਬ ਅੰਦਰ ਕਾਂਗਰਸ ਆਪਣੇ ਦਮ ’ਤੇ ਆਪਣੀ ਸਰਕਾਰ ਬਣਾਏਗੀ।