ਟੱਲੇਵਾਲ, 19 ਜੁਲਾਈ (ਸੋਨੀ ਚੀਮਾ)-ਪਿੰਡ ਬਖ਼ਤਗੜ੍ਹ ਵਿਖੇ ਅੱਜ ਉਸ ਵੇਲੇ ਦੁੱਖਦਾਈ ਘਟਨਾ ਵਾਪਰੀ ਜਦੋਂ ਮੱਕੀ ਦੇ ਖੇਤ ਵਿਚ ਕੰਮ ਕਰ ਰਹੀ ਇੱਕ ਮਜ਼ਦੂਰ ਔਰਤ ਦੀ ਸੱਪ ਦੇ ਡੰਗ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਪਿੰਡ ਬਖ਼ਤਗੜ੍ਹ ਦੀ ਰਹਿਣ ਵਾਲੀ ਇੰਦਰਜੀਤ ਕੌਰ (62 ਸਾਲ) ਪਤਨੀ ਜਗਰਾਜ ਸਿੰਘ ਜੋ ਇੱਕ ਕਿਸਾਨ ਦੇ ਮੱਕੀ ਦੇ ਖੇਤ ਵਿਚ ਮਜ਼ਦੂਰੀ ਕਰ ਰਹੀ ਸੀ। ਇਸ ਦੌਰਾਨ ਅਚਾਨਕ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਸੱਪ ਦੇ ਜ਼ਹਿਰ ਦਾ ਅਸਰ ਇੰਨਾ ਤੇਜ਼ ਸੀ ਕਿ ਇੰਦਰਜੀਤ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ। ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਮ੍ਰਿਤਕਾ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਉਸ ਦੀ ਮੌਤ ਨਾਲ ਪਰਿਵਾਰ ਦੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਪੰਚਾਇਤ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਯੋਗ ਆਰਥਿਕ ਮੁਆਵਜ਼ਾ ਅਤੇ ਬਣਦੀ ਹਰ ਸੰਭਵ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਦੁਖੀ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ।
ਖੇਤ ’ਚ ਕੰਮ ਕਰਦਿਆਂ ਸੱਪ ਦੇ ਡੰਗਣ ਨਾਲ ਮਜ਼ਦੂਰ ਔਰਤ ਦੀ ਮੌਤ
ਅਜੀਤ ਡੈਸਕ
20-07-2026