ਟੱਲੇਵਾਲ, 20 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਅੱਜ ਭਾਕਿਯੂ ਡਕੌਂਦਾ ਦੇ ਆਗੂਆਂ ਵਲੋਂ ਪਿੰਡ ਵਿਚ ਲੱਗਦੇ ਬਿਜਲੀ ਕੱਟਾਂ ਕਾਰਨ ਗਰਿੱਡ ਅੱਗੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਚੀਮਾ ਜ਼ਿਲ੍ਹਾ ਆਗੂ, ਗੋਗੀ ਚੀਮਾ ਇਕਾਈ ਪ੍ਰਧਾਨ ਅਤੇ ਰਾਜਿੰਦਰ ਸਿੰਘ ਭੰਗੂ ਨੇ ਕਿਹਾ ਕਿ ਪਿੰਡ ਚੀਮਾ ਵਲੋਂ ਬਿਜਲੀ ਗਰਿੱਡ ਬਣਾਏ ਜਾਣ ਮੌਕੇ ਢਾਈ ਏਕੜ ਜ਼ਮੀਨ ਦਿੱਤੀ ਸੀ। ਜਿਸ ਦੇ ਚੱਲਦਿਆਂ ਪਾਵਰਕਾਮ ਵਲੋਂ ਉਕਤ ਪਿੰਡ ਨੂੰ ਏ ਵਨ ਕੈਟਾਗਿਰੀ ਜਾਣੀਕਿ ਜੇਕਰ ਗਰਿੱਡ ਵਿਚ ਬਿਜਲੀ ਹੈ ਤਾਂ ਪਿੰਡ ਦੀ ਸ਼ਹਿਰੀ ਸਪਲਾਈ ਵੀ ਜਾਰੀ ਰਹੇਗੀ, ਪਰ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਕੱਟ ਲਗਾਏ ਜਾ ਰਹੇ ਹਨ, ਜਦਕਿ ਗਰਿੱਡ ਵਿਚ ਬਿਜਲੀ ਸਪਲਾਈ ਹੁੰਦੀ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਜ਼ੋਨ ‘ਏ ਵਨ’ ਵਿਚ ਆਉਣ ਦੇ ਬਾਵਜੂਦ ਪਿੰਡ ਵਿਚ ਬਿਜਲੀ ਦੀ ਸਪਲਾਈ ਬੇਹੱਦ ਖ਼ਰਾਬ ਹੈ। ਇਸ ਤੋਂ ਇਲਾਵਾ ਖੇਤੀ ਸੈਕਟਰ ਵਿਚ ਵੀ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈੱਲਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਹਿੰਗਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਸੀਂ ੳੁੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਜੇਕਰ ਉਕਤ ਕੱਟ ਅਜੇ ਵੀ ਜਾਰੀ ਰਹੇ, ਤਾਂ ਜੱਥੇਬੰਦੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਵਰਕਾਮ ਅਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢੇਗੀ। ਇਸ ਮੌਕੇ ਸਾਧੂ ਸਿੰਘ ਚੀਮਾ, ਬਹਾਦਰ ਸਿੰਘ, ਬਘੇਰਾ ਸਿੰਘ, ਜਗਰੂਪ ਸਿੰਘ ਸਿੱਖ, ਕਰਮਜੀਤ ਸਿੰਘ ਕਾਲਾ, ਕਾਲਾ ਸਿੰਘ ਜਾਗਲ ਆਦਿ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।