ਤਪਾ ਮੰਡੀ, 20 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਤਪਾ ਗਊਸ਼ਾਲਾ ਅੰਦਰ ਸੀਵਰੇਜ ਦੇ ਆ ਰਹੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਖੀ ਹੋਏ ਗਊ ਸੇਵਕਾਂ ਨੇ ਅੱਜ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦਿਆਂ ਕੇਸ਼ਪਾਲ ਗੋਇਲ, ਸ਼ੰਭੂ ਗੁਪਤਾ, ਮਦਨ ਲਾਲ, ਗੋਲੂ, ਮੌਜੀ ਧੌਲਾ, ਰਵੀ ਮੌੜ, ਬੰਟੀ ਮੌੜ, ਨੀਤਨ ਕੁਮਾਰ, ਘੋਚਾ, ਸ਼ੀਲੀ ਤਾਜੋ ਆਦਿ ਨੇ ਕਿਹਾ ਕਿ ਸਫ਼ਾਈ ਸੇਵਕਾਂ ਅਤੇ ਸਰਕਾਰ ਵਿਚਕਾਰ ਉਨ੍ਹਾਂ ਦਾ ਇਹ ਆਪਸੀ ਰੇੜਕਾ ਹੈ, ਫਿਰ ਸ਼ਹਿਰ ਵਾਸੀਆਂ ਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਜ਼ਾਦ ਨਗਰ ਨੂੰ ਜਾਂਦੀ ਸੜਕ ਉੱਚੀ ਹੋਣ ਕਰ ਕੇ ਹੁਣ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਊਸ਼ਾਲਾ ਅੰਦਰ ਆ ਰਿਹਾ ਹੈ ਜਿਸ ਨਾਲ ਗਊਆਂ ਦੇ ਪੈਰ ਖ਼ਰਾਬ ਹੋਣ ਲੱਗ ਪਏ ਹਨ ਅਤੇ ਗਊਸ਼ਾਲਾ ਅੰਦਰੋਂ ਭੈੜੀ ਬਦਬੂ ਮਾਰ ਰਹੀ ਹੈ। ਜਿਸ ਨੂੰ ਲੈ ਕੇ ਉਹ ਕਈ ਵਾਰੀ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਚੁੱਕੇ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਦੁਖੀ ਹੋਏ ਗਊ ਸੇਵਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤਪਾ ਨਗਰ ਕੌਂਸਲ ਵਿਖੇ ਕੋਈ ਪ੍ਰਧਾਨ ਨਹੀਂ, ਇੱਥੇ ਕੋਈ ਸੁਣਵਾਈ ਨਹੀਂ, ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸੀਵਰੇਜ ਦੇ ਗੰਦੇ ਪਾਣੀ ਕਾਰਨ ਗਊਆਂ ਨੂੰ ਵੀ ਭਿਆਨਕ ਬਿਮਾਰੀ ਲੱਗਣ ਦਾ ਡਰ ਬਣਿਆ ਬਣ ਗਿਆ ਹੈ। ਗਊ ਸੇਵਕਾਂ ਨੇ ਨਗਰ ਕੌਂਸਲ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਜਲਦ ਹੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਤਪਾ ਦੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਸਫ਼ਾਈ ਸੇਵਕਾਂ ਤੇ ਸਰਕਾਰ ਵਿਚਕਾਰ ਕੀ ਗੱਲਬਾਤ ਨੇਪਰੇ ਚੜ੍ਹਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।