ਤਪਾ ਮੰਡੀ, 22 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਜਿੱਥੇ ਪਿਛਲੇ ਕਾਫ਼ੀ ਦਿਨਾਂ ਤੋਂ ਸਫ਼ਾਈ ਸੇਵਕਾਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਜਾਰੀ ਹੈ ਉੱਥੇ ਦੂਜੇ ਪਾਸੇ ਸ਼ਹਿਰ ’ਚ ਲੱਗੇ ਹੋਏ ਕੂੜੇ ਦੇ ਵੱਡੇ-ਵੱਡੇ ਢੇਰਾਂ ਤੋਂ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਜਿਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਵਲੋਂ ਆਪਣੇ ਤੌਰ ’ਤੇ ਕੂੜਾ ਚਕਵਾਉਣਾ ਚਾਹਿਆ ਤਾਂ ਇਸ ਦੀ ਭਿਣਕ ਜਿਉਂ ਹੀ ਸਫ਼ਾਈ ਸੇਵਕਾਂ ਨੂੰ ਲੱਗੀ ਤਾਂ ਉਹ ਵੱਡੀ ਗਿਣਤੀ ’ਚ ਤਪਾ ਦੇ ਨਵੇਂ ਬੱਸ ਸਟੈਂਡ ਨਜ਼ਦੀਕ ਪਹੁੰਚ ਗਏ, ਜਿੱਥੇ ਸਫ਼ਾਈ ਸੇਵਕ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ। ਸਫ਼ਾਈ ਸੇਵਕਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਅਗਰ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਫ਼ੀ ਅਤੇ ਹੋਰ ਵੱਖ-ਵੱਖ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਭਰੋਸੇ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਿਆ। ਜਦ ਕਿ ਪਿਛਲੇ ਮਹੀਨੇ ਕੀਤੀ ਗਈ ਅਣਮਿਥੇ ਸਮੇਂ ਦੀ ਹੜਤਾਲ ਸਮੇਂ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਇਕ ਮਹੀਨੇ ਦੇ ਅੰਦਰ-ਅੰਦਰ ਮੰਨ ਕੇ ਲਾਗੂ ਕੀਤਾ ਜਾਵੇਗਾ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕਦੀਆਂ ਪਈਆਂ ਹਨ। ਉੱਧਰ ਦੂਜੇ ਪਾਸੇ ਮੌਕੇ ’ਤੇ ਪੁੱਜੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਬੇਅੰਤ ਸਿੰਘ, ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ, ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ, ਥਾਣਾ ਮੁਖੀ ਗੁਰਮੰਦਰ ਸਿੰਘ ਰੂੜੇਕੇ ਕਲਾਂ, ਸਿਟੀ ਇੰਚਾਰਜ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਸਫ਼ਾਈ ਸੇਵਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਸਫ਼ਾਈ ਸੇਵਕ ਆਪਣੀ ਮੰਗਾਂ ਨੂੰ ਲੈ ਕੇ ਅਟੱਲ ਰਹੇ, ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸਿਕੰਦਰ ਕੁਮਾਰ ਪ੍ਰਧਾਨ ਆਊਟ ਸੋਰਸ ਕੰਟਰੈਕਟ ਮੁਲਾਜ਼ਮ ਯੂਨੀਅਨ, ਰਾਜ ਕੁਮਾਰ ਰਾਜੂ, ਅਰਜਨ ਕਾਲੀ, ਅਜੇ ਕੁਮਾਰ, ਸ਼ਲਿੰਦਰ ਕੁਮਾਰ, ਸ਼ੰਮੀ ਕੁਮਾਰ, ਮੇਟ ਦੀਪਕ ਕੁਮਾਰ, ਵਿੱਕੀ ਕੁਮਾਰ, ਰਾਕੇਸ਼ ਕੁਮਾਰ, ਜਗਤ, ਸੁਨੀਲ ਕੁਮਾਰ, ਸਚਿਨ, ਰਾਜਬੀਰ, ਗੀਤਾ ਰਾਣੀ ਸਰੋਜ ਰਾਣੀ, ਸੰਜੂ ਦੇਵੀ, ਆਸ਼ਾ ਰਾਣੀ ਆਦਿ ਵੱਡੀ ਗਿਣਤੀ ’ਚ ਸਫ਼ਾਈ ਸੇਵਕ ਮੌਜੂਦ ਸਨ।
ਕੂੜਾ ਚੁਕਵਾਉਣ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਫ਼ਾਈ ਸੇਵਕ ਹੋਏ ਆਹਮੋ-ਸਾਹਮਣੇ
ਅਜੀਤ ਡੈਸਕ
23-07-2026