ਬਰਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹੇ ਵਿਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵਲੋਂ ‘ਸੇਫ ਸਕੂਲ ਵਾਹਨ ਪਾਲਿਸੀ’ ਤਹਿਤ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਗੁਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਕੂਲੀ ਵਾਹਨਾਂ ਦੀ ਨਿਯਮਿਤ ਜਾਂਚ ਕਰਨਾ ਬਹੁਤ ਜ਼ਰੂਰੀ ਹੈ। ਟੀਮ ਵਲੋਂ ਵੱਖ-ਵੱਖ ਸਕੂਲਾਂ ਦੀਆਂ ਕੁੱਲ 20 ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬੱਸਾਂ ਦੇ ਜ਼ਰੂਰੀ ਦਸਤਾਵੇਜ਼, ਫਿਟਨੈੱਸ ਸਰਟੀਫਿਕੇਟ, ਡਰਾਈਵਰ ਦਾ ਲਾਇਸੈਂਸ, ਪ੍ਰਦੂਸ਼ਣ ਸਰਟੀਫਿਕੇਟ, ਫ਼ਸਟ ਏਡ ਕਿੱਟ, ਅੱਗ ਬੁਝਾਊ ਯੰਤਰ ਅਤੇ ਹੋਰ ਸੁਰੱਖਿਆ ਉਪਕਰਨਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਵਿਚ ਫ਼ਸਟ ਏਡ ਕਿੱਟ ਨਾ ਹੋਣ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੇ ਚਲਾਨ ਕੱਟੇ ਗਏ। ਟੀਮ ਵਲੋਂ ਬੱਸ ਚਾਲਕਾਂ ਨੂੰ ਤੁਰੰਤ ਇਹ ਕਮੀ ਪੂਰੀ ਕਰਨ ਦੀ ਹਦਾਇਤ ਦਿੱਤੀ ਗਈ। ਇਸਦੇ ਨਾਲ ਹੀ ਅਧਿਕਾਰੀਆਂ ਵਲੋਂ ਸਕੂਲ ਪ੍ਰਬੰਧਕਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਗਈ ਕਿ ਉਹ ਆਪਣੇ ਸਕੂਲੀ ਵਾਹਨਾਂ ਵਿਚ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਵਿਚ ਕੋਈ ਲਾਪਰਵਾਹੀ ਨਾ ਰਹੇ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸਕੂਲੀ ਵਾਹਨਾਂ ਵਿਚ ਸਫ਼ਰ ਕਰਦੇ ਬੱਚਿਆਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਭਵਿੱਖ ਵਿਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਵਿਸ਼ੇਸ਼ ਚੈਕਿੰਗ ਦੌਰਾਨ ਟਰੈਫ਼ਿਕ ਐਜੂਕੇਸ਼ਨ ਸੈੱਲ ਤੋਂ ਏ.ਐਸ.ਆਈ. ਗੁਰਚਰਨ ਸਿੰਘ ਤੇ ਕਾਂਸਟੇਬਲ ਰਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਨੀਰਜ ਕੁਮਾਰ ਤੇ ਮਨਜਿੰਦਰ ਸਿੰਘ ਅਤੇ ਬਾਲ ਸੁਰੱਖਿਆ ਦਫ਼ਤਰ ਤੋਂ ਰੁਪਿੰਦਰ ਸਿੰਘ ਮੌਜੂਦ ਸਨ।