ਮਹਿਲ ਕਲਾਂ, 22 ਜੁਲਾਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਮੁਹਿੰਮ ਤਹਿਤ ਪਿੰਡ ਅਮਲਾ ਸਿੰਘ ਵਾਲਾ ਅਤੇ ਭੱਦਲਵੱਡ ਵਿਚ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐੱਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਸਾਹਿਬ ਦੇ ਪਵਿੱਤਰ ਜੀਵਨ, ਮਨੁੱਖਤਾਵਾਦੀ ਫ਼ਲਸਫ਼ੇ ਅਤੇ ਸਿੱਖਿਆਵਾਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡਾਂ ਵਿਚ ਵਿਸ਼ੇਸ਼ ਦਸਤਾਵੇਜ਼ੀ ਸ਼ੋਅ ਦਿਖਾਏ ਜਾ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਅਧਿਆਤਮਕ ਵਿਰਸੇ ਨਾਲ ਜੋੜਿਆ ਜਾ ਸਕੇ। ਪਿੰਡ ਅਮਲਾ ਸਿੰਘ ਵਾਲਾ ਅਤੇ ਭੱਦਲਵਡ ਵਿਚ ਵਿਸ਼ੇਸ਼ ਵੈਨ ਉੱਪਰ ਲਗਾਈ ਗਈ ਆਧੁਨਿਕ ਵੱਡ-ਅਕਾਰੀ ਐਲ.ਈ.ਡੀ. ਸਕ੍ਰੀਨ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜਿਕ ਬਰਾਬਰੀ ਦੇ ਦਰਸ਼ਨ ਅਤੇ ਲੋਕ-ਭਲਾਈ ਦੀ ਸੋਚ ’ਤੇ ਅਧਾਰਿਤ 30 ਮਿੰਟ ਦੀ ਇਕ ਬੇਹੱਦ ਪ੍ਰਭਾਵਸ਼ਾਲੀ ਦਸਤਾਵੇਜ਼ੀ ਫ਼ਿਲਮ ਸੰਗਤਾਂ ਦੇ ਸਨਮੁਖ ਪੇਸ਼ ਕੀਤੀ, ਜਿਸ ਦੀ ਸੰਗਤ ਵਲੋਂ ਸ਼ਲਾਘਾ ਕੀਤੀ ਗਈ। ਸ਼ੋਅ ਦੇਖਣ ਉਪਰੰਤ ਹਾਜ਼ਰ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਅਤੇ ਵਡਮੁੱਲਾ ਉੱਦਮ ਹੈ, ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਦਇਆ, ਪ੍ਰੇਮ, ਆਪਸੀ ਭਾਈਚਾਰੇ ਦੇ ਸੰਦੇਸ਼ ਰਾਹੀਂ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ, ਜਿਸ ’ਤੇ ਚੱਲਦਿਆਂ ਸਾਨੂੰ ਸਭ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਅਤੇ ਮੁਹਤਬਰ ਵੀ ਹਾਜ਼ਰ ਸਨ।