ਬਰਨਾਲਾ, 25 ਜੁਲਾਈ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬਾਲ ਰੋਗ ਮਾਹਿਰ ਡਾ: ਅੰਕੁਸ਼ ਜਿੰਦਲ ਪੀ.ਜੀ.ਆਈ ਗੋਲਡ ਮੈਡਲਿਸਟ, ਦੰਦਾ ਰੋਗਾਂ ਦੇ ਮਾਹਿਰ ਡਾ: ਵੀਰ ਕਪਲੀਏਸ਼ ਅਤੇ ਡਾ: ਮੇਘਾ ਨੇ ਬੱਚਿਆਂ ਦੇ ਦੰਦਾਂ ਦੀ ਸਥਿਤੀ, ਮੂੰਹ ਦੀ ਸਫ਼ਾਈ ਅਤੇ ਸਮੁੱਚੀ ਸਰੀਰਕ ਸਿਹਤ ਦਾ ਮੁਆਇਨਾ ਕਰਦਿਆਂ ਮਾਪਿਆਂ ਨੂੰ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਅਤੇ ਲੋੜੀਂਦੀਆਂ ਸਲਾਹਾਂ ਦਿੱਤੀਆਂ। ਇਸ ਦੌਰਾਨ ਬੱਚਿਆਂ ਨੂੰ ਸਾਫ਼-ਸੁਥਰੀਆਂ ਆਦਤਾਂ, ਸੰਤੁਲਿਤ ਖ਼ੁਰਾਕ ਅਤੇ ਨਿਯਮਿਤ ਸਿਹਤ ਜਾਂਚ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਬੱਚਿਆਂ ਦੀ ਸਿਹਤ ਦੀ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਕਈ ਸਿਹਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗ ਜਾਂਦਾ ਹੈ। ਦੰਦਾਂ ਦੇ ਮਾਹਿਰ ਡਾ: ਵੀਰ ਕਪਲੀਏਸ਼ ਅਤੇ ਡਾ: ਮੇਘਾ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੰਦਾਂ ਦੀ ਸਹੀ ਦੇਖਭਾਲ ਦੀ ਆਦਤ ਪਾਉਣੀ ਚਾਹੀਦੀ ਹੈ। ਦਿਨ ਵਿਚ ਦੋ ਵਾਰ ਬੁਰਸ਼ ਕਰਨਾ, ਮਿੱਠੀਆਂ ਚੀਜ਼ਾਂ ਦਾ ਸੀਮਤ ਸੇਵਨ ਕਰਨਾ ਅਤੇ ਹਰ ਛੇ ਮਹੀਨੇ ਬਾਅਦ ਦੰਦਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਸੰਸਥਾ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ, ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਚੰਗੀ ਸਿਹਤ ਵੀ ਸਾਡੀ ਪਹਿਲੀ ਤਰਜੀਹ ਹੈ। ਅਜਿਹੇ ਸਿਹਤ ਜਾਂਚ ਕੈਂਪ ਬੱਚਿਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਂਦੇ ਹਨ ਅਤੇ ਸਮੇਂ ਸਿਰ ਸਮੱਸਿਆਵਾਂ ਦੀ ਪਛਾਣ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।