ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਹੋਲੀ ਏਂਜਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦਾ ਸਮੁੱਚਾ ਵਾਤਾਵਰਨ ਭਗਤੀਮਈ ਅਤੇ ਧਾਰਮਿਕ ਰੰਗ ਵਿਚ ਰੰਗਿਆ ਨਜ਼ਰ ਆਇਆ।
ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਹੋਲੀ ਏਂਜਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦਾ ਸਮੁੱਚਾ ਵਾਤਾਵਰਨ ਭਗਤੀਮਈ ਅਤੇ ਧਾਰਮਿਕ ਰੰਗ ਵਿਚ ਰੰਗਿਆ ਨਜ਼ਰ ਆਇਆ। ਜਮਾਤ ਤੀਜੀ ਤੱਕ ਦੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਰਾਧਾ ਰਾਣੀ ਦੇ ਰੂਪ ਵਿਚ, ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਭਗਤੀ ਭਾਵਨਾ ਨਾਲ ਭਰਪੂਰ ਨ੍ਰਿਤ ਪੇਸ਼ਕਾਰੀਆਂ ਪੇਸ਼ ਕੀਤੀਆਂ ਤੇ ਸਮਾਗਮ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ। ਜਮਾਤ ਚੌਥੀ ਤੋਂ ਸੱਤਵੀਂ ਦੇ ਵਿਦਿਆਰਥੀਆਂ ਨੇ ਸੁੰਦਰ ਢੰਗ ਨਾਲ ਮਟਕੀਆਂ ਸਜਾ ਕੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਜਮਾਤ ਅੱਠਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਨਾਲ ਸਬੰਧਿਤ ਬੰਸਰੀਆਂ, ਝੂਲੇ, ਚਿੱਤਰਕਲਾਵਾਂ ਤੇ ਹੋਰ ਕਲਾਤਮਕ ਵਸਤੂਆਂ ਤਿਆਰ ਕਰ ਕੇ ਆਪਣੀ ਕਲਾਤਮਿਕ ਤੇ ਸਿਰਜਣਾਤਮਿਕ ਯੋਗਤਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਜਮਾਤ ਨੌਵੀਂ ਤੋਂ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਰਵਾਇਤੀ ਦਹੀਂ ਹਾਂਡੀ ਗਤੀਵਿਧੀ ਵਿਚ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਦਾ ਉਤਸ਼ਾਹ ਤੇ ਖ਼ੁਸ਼ੀ ਦੇਖਣ ਯੋਗ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ੋਕ ਮਿੱਤਲ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੇ ਪ੍ਰਿੰਸੀਪਲ ਮੈਡਮ ਨੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਤੇ ਰਚਨਾਤਮਿਕ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਵਲੋਂ ਦਰਸਾਏ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਸਮੂਹ ਅਧਿਆਪਕ ਵੀ ਹਾਜ਼ਰ ਸਨ।