ਬਾਲ ਭਿੱਖਿਆ ਦੇ ਖ਼ਾਤਮੇ ਲਈ ਐਂਟੀ ਬੈਗਿੰਗ ਟਾਸਕ ਫੋਰਸ ਵਲੋਂ ਚੈਕਿੰਗ
ਮਹਿਲ ਕਲਾਂ, 10 ਸਤੰਬਰ (ਤਰਸੇਮ ਸਿੰਘ ਗਹਿਲ)-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ. ਏ.
ਮਹਿਲ ਕਲਾਂ, 10 ਸਤੰਬਰ (ਤਰਸੇਮ ਸਿੰਘ ਗਹਿਲ)-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ.ਏ.ਐਸ. ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਲੀਵਾਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਐਂਟੀ ਬੈਗਿੰਗ ਟਾਸਕ ਫੋਰਸ ਵਲੋਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਬਾਲ ਭਿੱਖਿਆ ’ਤੇ ਪੂਰਨ ਰੋਕ ਲਗਾਉਣ ਦੇ ਮੰਤਵ ਨਾਲ ‘ਪ੍ਰੋਜੈਕਟ ਜੀਵਨਜੋਤ 2.0’ ਤਹਿਤ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਹ ਅਭਿਆਨ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਆਪਸੀ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਅਭਿਆਨ ਦੌਰਾਨ ਟਾਸਕ ਫੋਰਸ ਟੀਮ ਵਲੋਂ ਮਹਿਲ ਕਲਾਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਅਚਨਚੇਤ ਚੈਕਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਚੈਕਿੰਗ ਦੌਰਾਨ ਟੀਮ ਨੂੰ ਇੱਕ ਬੱਚਾ ਭੀਖ ਮੰਗਦਾ ਹੋਇਆ ਪਾਇਆ ਗਿਆ। ਚੈਕਿੰਗ ਦੌਰਾਨ ਸਮੂਹ ਟੀਮ ਵਲੋਂ ਆਮ ਲੋਕਾਂ ਨੂੰ ਬਾਲ ਭਿੱਖਿਆ ਸਬੰਧੀ ਬਣੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ। ਟੀਮ ਵਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਭਵਿੱਖ ਵਿਚ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਚਾਈਲਡ ਲਾਈਨ ਦੇ ਟੋਲ-ਫ਼ਰੀ ਨੰਬਰ 1098 ’ਤੇ ਜਾਂ ਸਬੰਧਿਤ ਵਿਭਾਗ ਨੂੰ ਦਿੱਤੀ ਜਾਵੇ। ਚੈਕਿੰਗ ਟੀਮ ’ਚ ਤਰਲੋਕ ਸਿੰਘ ਸਿੱਖਿਆ ਵਿਭਾਗ, ਭਰਮ ਸਿੰਘ ਸਿਹਤ ਵਿਭਾਗ, ਪ੍ਰਗਟ ਸਿੰਘ ਪੁਲਿਸ ਵਿਭਾਗ ਬਲਵਿੰਦਰ ਸਿੰਘ ਧਲੇਵਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਰਨਾਲਾ ਤੋਂ ਮੌਜੂਦ ਸਨ।