ਪੁਲਿਸ ਨੇ ਸੁੰਨੀਆਂ ਪਈਆਂ ਇਮਾਰਤਾਂ ਦੀਆਂ ਕੰਧਾਂ ਤੋੜ ਕੇ ਨਸ਼ੇੜੀਆਂ ਦੇ ਅੱਡੇ ਕੀਤੇ ਖ਼ਤਮ
ਧਨੌਲਾ, 27 ਸਤੰਬਰ (ਜਤਿੰਦਰ ਸਿੰਘ ਧਨੌਲਾ)- ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਡੀ. ਐਸ.
ਧਨੌਲਾ, 27 ਸਤੰਬਰ (ਜਤਿੰਦਰ ਸਿੰਘ ਧਨੌਲਾ)- ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਰਜਿੰਦਰ ਪਾਲ ਸਿੰਘ ਅਤੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਅਨਾਜ ਮੰਡੀ ਧਨੌਲਾ ਦੀਆਂ ਸੁੰਨੀਆਂ ਪਈਆਂ ਇਮਾਰਤਾਂ ਦੀਆਂ ਦੀਵਾਰਾਂ ਤੋੜ ਕੇ ਨਸ਼ੇੜੀਆਂ ਦੇ ਅੱਡੇ ਖ਼ਤਮ ਕੀਤੇ ਗਏ। ਗੱਲਬਾਤ ਕਰਦਿਆਂ ਡੀ.ਐਸ.ਪੀ. ਰਜਿੰਦਰ ਪਾਲ ਸਿੰਘ ਅਤੇ ਸੀ.ਆਈ.ਏ. ਦੇ ਇੰਚਾਰਜ ਬਲਜੀਤ ਸਿੰਘ ਨੇ ਆਖਿਆ ਕਿ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਨਸ਼ੇੜੀ ਸੁੰਨੀਆਂ ਥਾਵਾਂ ’ਤੇ ਆ ਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਅੱਡੇ ਸਥਾਪਿਤ ਕਰ ਰੱਖੇ ਹਨ। ਅਧਿਕਾਰੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਸਖ਼ਤ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੀ ਤਸਕਰੀ ਕਰਨ ਵਾਲੇ ਅਤੇ ਸੇਵਨ ਕਰਨ ਵਾਲਿਆਂ ਨੂੰ ਅਤੇ ਉਨ੍ਹਾਂ ਦੀ ਗਾਹੇ ਬਗਾਹੇ ਸਹਾਇਤਾ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਅੱਜ 50 ਦੇ ਕਰੀਬ ਮਹਿਲਾ ਅਤੇ ਪੁਲਿਸ ਕਰਮਚਾਰੀਆਂ ਵਲੋਂ ਅਨਾਜ ਮੰਡੀ ਅੰਦਰ ਰਹਿ ਰਹੇ ਕਬੀਲਿਆਂ ਦੇ ਲੋਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਜੇ ਪੁਲਿਸ ਪ੍ਰਸ਼ਾਸਨ ਨੂੰ ਇਸ ਇਲਾਕੇ ਵਿਚ ਹੁੰਦੇ ਗੈਰ ਕਾਨੂੰਨੀ ਕੰਮਾਂ ਬਾਰੇ ਇਤਲਾਹ ਮਿਲੀ ਤਾਂ ਇਸ ਮਾਮਲੇ ਨੂੰ ਪੂਰਾ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਪਾਰਟੀ ਵਲੋਂ ਜੇ.ਸੀ.ਬੀ ਲੈ ਕੇ ਮੰਡੀ ਦੇ ਰਕਬੇ ਵਿਚ ਅਤੇ ਸੜਕ ਦੇ ਕਿਨਾਰੇ ਸੁੰਨੇ ਪਏ ਥਾਵਾਂ ਦੀਆਂ ਕੰਧਾਂ ਤੋੜੀਆਂ ਗਈਆਂ ਤਾਂ ਕਿ ਉੱਥੇ ਅਗਿਆਤ ਵਿਅਕਤੀ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕਰ ਸਕਣ। ਪੁਲਿਸ ਵਲੋਂ ਕਈ ਥਾਈ ਝਾੜੀਆਂ ਅਤੇ ਲੁਕਣ ਗਾਹਾਂ ਤੇ ਜੰਗਲਾਂ ਦਾ ਵੀ ਜੇ.ਸੀ.ਬੀ ਨਾਲ ਸਫ਼ਾਇਆ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਇੰਸਪੈਕਟਰ ਲਖਬੀਰ ਸਿੰਘ, ਇੰਸਪੈਕਟਰ ਕਮਲਜੀਤ ਕੌਰ ਐਸ.ਐਚ.ਓ ਧਨੌਲਾ, ਇੰਸਪੈਕਟਰ ਜਗਜੀਤ ਸਿੰਘ, ਸਬ-ਇੰਸਪੈਕਟਰ ਗੁਰਸਿਮਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਤੇ ਕਰਮਚਾਰੀ ਹਾਜ਼ਰ ਸਨ।