ਸਿੱਖਿਆ ਦਾ ਅਸਲ ਮਕਸਦ ਆਪਣੇ-ਆਪ ਨੂੰ ਜਾਣਨਾ ਅਤੇ ਮਨ ਦੀ ਖ਼ੁਸ਼ੀ ਪ੍ਰਾਪਤ ਕਰਨਾ ਹੈ-ਪ੍ਰੋ: ਨੀਤੂ ਅਰੋੜਾ
ਪੀ.ਐੱਮ. ਸ਼੍ਰੀ ਸਕੂਲ ਚੀਮਾ ਵਿਖੇ ਵਿਸ਼ੇਸ਼ ਸ਼ਖ਼ਸੀਅਤ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਪ੍ਰੇਰਨਾਦਾਇਕ ਸੰਵਾਦ
ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਪੀ. ਐੱਮ.
ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਅੱਜ ਵਿਸ਼ੇਸ਼ ਸ਼ਖ਼ਸੀਅਤ ਪ੍ਰੋਗਰਾਮ ਅਧੀਨ ਸਰਕਾਰੀ ਕਾਲਜ ਘੁੱਦਾ ਤੋਂ ਪ੍ਰੋਫੈਸਰ ਨੀਤੂ ਅਰੋੜਾ ਨੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਸਿੱਖਿਆ ਦੇ ਅਸਲ ਉਦੇਸ਼ ਬਾਰੇ ਇਕ ਪ੍ਰੇਰਨਾਦਾਇਕ ਅਤੇ ਵਿਚਾਰ-ਉਤੇਜਕ ਸੰਵਾਦ ਕੀਤਾ। ਇਸ ਮੌਕੇ ਪ੍ਰੋ: ਨੀਤੂ ਅਰੋੜਾ ਨੇ ਕਵੀ ਮੰਗਲੇਸ਼ ਡਬਰਾਲ ਦੀਆਂ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ। ਕਵਿਤਾਵਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ, ਸਿੱਖਿਆ ਅਤੇ ਮਨੁੱਖੀ ਸੰਵੇਦਨਾਵਾਂ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਵਿਤਾ ਮਨੁੱਖ ਦੇ ਅੰਦਰਲੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਕ ਮਹੱਤਵਪੂਰਨ ਮਾਧਿਅਮ ਹੈ ਅਤੇ ਇਸ ਰਾਹੀਂ ਜੀਵਨ ਨੂੰ ਸਮਝਣ ਦੀ ਨਵੀਂ ਦ੍ਰਿਸ਼ਟੀ ਮਿਲਦੀ ਹੈ। ਪ੍ਰੋ: ਨੀਤੂ ਅਰੋੜਾ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਮਕਸਦ ਕੇਵਲ ਕਿਤਾਬੀ ਗਿਆਨ ਪ੍ਰਾਪਤ ਕਰਨਾ, ਪ੍ਰੀਖਿਆਵਾਂ ਪਾਸ ਕਰਨਾ ਜਾਂ ਰੁਜ਼ਗਾਰ ਹਾਸਲ ਕਰਨਾ ਹੀ ਨਹੀਂ ਹੈ, ਸਗੋਂ ਆਪਣੇ ਆਪ ਨੂੰ ਜਾਣਨਾ ਅਤੇ ਮਨ ਦੀ ਖ਼ੁਸ਼ੀ ਪ੍ਰਾਪਤ ਕਰਨਾ ਵੀ ਹੈ। ਉਨ੍ਹਾਂ ਅਨੁਸਾਰ, ਸਿੱਖਿਆ ਮਨੁੱਖ ਨੂੰ ਆਪਣੇ ਵਿਚਾਰਾਂ, ਭਾਵਨਾਵਾਂ, ਸਮਰੱਥਾਵਾਂ ਅਤੇ ਜੀਵਨ ਦੇ ਉਦੇਸ਼ਾਂ ਨੂੰ ਸਮਝਣ ਵਿਚ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵੈ-ਪੜਚੋਲ ਕਰਨ, ਆਪਣੇ ਅੰਦਰਲੇ ਗੁਣਾਂ ਨੂੰ ਪਛਾਣਨ ਅਤੇ ਜੀਵਨ ਵਿਚ ਸਿੱਖਣ ਦੀ ਭਾਵਨਾ ਨੂੰ ਨਿਰੰਤਰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੱਚੀ ਸਿੱਖਿਆ ਉਹ ਹੈ ਜੋ ਮਨੁੱਖ ਨੂੰ ਇਕ ਚੰਗਾ ਇਨਸਾਨ ਬਣਨ, ਆਪਣੇ ਆਲੇ-ਦੁਆਲੇ ਨੂੰ ਸਮਝਣ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਾਉਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ, ਲੈਕਚਰਾਰ ਯੁਵਰਾਜ ਅਤੇ ਰਮਨਦੀਪ ਕੌਰ ਨੇ ਨੀਤੂ ਅਰੋੜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ: ਜਤਿੰਦਰ ਜੋਸ਼ੀ, ਸੀ.ਐੱਫ. ਰਾਸ਼ੀ, ਅਮਨਦੀਪ ਕੌਰ, ਹਰਪ੍ਰੀਤ ਕੌਰ, ਪਾਇਲ ਗਰਗ, ਜਸਵੀਰ ਕੌਰ, ਗਗਨਦੀਪ ਕੌਰ, ਲੈਕਚਰਾਰ ਯੁਵਰਾਜ, ਰਮਨਦੀਪ ਕੌਰ, ਬਲਵੀਰ ਸਿੰਘ, ਰਤਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।