02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਹੁਪੱਖੀ ਪ੍ਰਤਿਭਾ ਦੀ ਮਾਲਕ ਡਾ. ਬਲਜੀਤ ਕੌਰ ਰਿਆੜ

Ad Position 21
No active advertisement
ਅਜੀਤ ਡੈਸਕ 30-07-2026


ਕਿਸੇ ਸ਼ਾਇਰ ਨੇ ਕਿਹਾ ਹੈ : 'ਚਲਦੇ ਨੇ ਜੋ ਸ਼ੂਕਦਿਆਂ ਦਰਿਆਵਾਂ ਨਾਲ ਉਹ ਸਮਝੌਤਾ ਕਰਦੇ ਨਹੀਂ ਸੀਮਾਵਾਂ ਨਾਲ'। ਜਿਹੜੇ ਲੋਕ ਜ਼ਿੰਦਗੀ ਵਿਚ ਸਿਰੜ, ਸਿਦਕ, ਮਿਹਨਤ, ਲਗਨ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਹਨ ਅਤੇ ਨਵੀਆਂ ਪੈੜਾਂ ਸਿਰਜਦੇ ਹਨ, ਉਹ ਸਮਾਜ ਲਈ ਮਿਸਾਲ ਬਣਦੇ ਹਨ, ਕਿਉਂਕਿ ਜ਼ਿੰਦਗੀ ਵਿਚਲੇ ਆਦਰਸ਼ ਅਤੇ ਸੰਘਰਸ਼ ਹੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਸੰਵਾਰਦੇ ਅਤੇ ਨਿਖਾਰਦੇ ਹਨ। ਅਜਿਹੀ ਸ਼ਖ਼ਸੀਅਤ ਹੈ ਜ਼ਿਲ੍ਹਾ ਗੁਰਦਾਸਪੁਰ ਰਿਆੜਕੀ ਇਲਾਕੇ ਦੀ ਜ਼ਰਖੇਜ਼ ਧਰਤੀ ਦੀ ਜੰਮਪਲ ਡਾ. ਬਲਜੀਤ ਕੌਰ ਰਿਆੜ, ਜਿਸ ਨੇ ਅਕਾਦਮਿਕਤਾ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਵੱਡੀਆਂ ਅਤੇ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ। ਡਾ. ਬਲਜੀਤ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੀ ਹੈ। ਡਾ. ਬਲਜੀਤ ਦਾ ਜਨਮ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਰਿਆੜਕੀ ਇਲਾਕੇ ਦੇ ਪਿੰਡ ਮਠੋਲਾ ਵਿਖੇ ਸਾਬਕਾ ਸਰਪੰਚ ਸ. ਰਘਬੀਰ ਸਿੰਘ ਅਤੇ ਮਾਤਾ ਜੋਗਿੰਦਰ ਕੌਰ ਦੇ ਘਰ ਹੋਇਆ। ਇਲਾਕੇ ਵਿਚ ਖ਼ਾਸ ਪਛਾਣ ਵਾਲੇ ਵਿਰਾਸਤੀ ਪਰਿਵਾਰ ਵਿਚ ਬੇਸ਼ੱਕ ਉਪਜੀਵਕਾ ਦੇ ਸਾਰੇ ਸੁੱਖ-ਸਾਧਨ ਸਨ, ਪ੍ਰੰਤੂ ਅੱਖਰੀ ਗਿਆਨ ਵਿਚ ਬਹੁਤੀ ਦਿਲਚਸਪੀ ਨਹੀਂ ਸੀ। ਡਾ. ਰਿਆੜ ਮਾਪਿਆਂ ਦੀ ਪਲੇਠੀ ਧੀ ਸੀ ਅਤੇ ਬਚਪਨ ਤੋਂ ਹੀ ਬਹੁਤ ਹੋਣਹਾਰ ਅਤੇ ਬਹੁਪੱਖੀ ਪ੍ਰਤਿਭਾ ਦੀ ਮਾਲਕ ਸੀ। ਉਸ ਨੇ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਭਰਥ ਵਿਚ ਕਰਦਿਆਂ ਹੀ ਵੱਖਰੀਆਂ ਰਾਹਾਂ ਸਿਰਜ ਦਿੱਤੀਆਂ ਸਨ। ਪੜ੍ਹਾਈ ਦੇ ਨਾਲ-ਨਾਲ ਕਵਿਤਾ ਲਿਖਣਾ, ਲੈਕਚਰ ਦੇਣਾ, ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਣਾ ਅਤੇ ਸਮਾਜਿਕ ਕਾਰਜਾਂ ਵਿਚ ਦਿਲਚਸਪੀ ਨਾਲ ਕੰਮ ਕਰਨਾ, ਉਸ ਦਾ ਮੁਢਲਾ ਸ਼ੌਕ ਸੀ। ਇਹੀ ਕਾਰਨ ਸੀ ਕਿ ਬੀ.ਏ. ਤੱਕ ਦੀ ਪੜ੍ਹਾਈ ਕਰਨ ਵੇਲੇ ਤੱਕ ਉਸ ਨੇ ਕਾਲਜ, ਯੂਨੀਵਰਸਿਟੀ, ਜ਼ਿਲ੍ਹਾ ਅਤੇ ਨੈਸ਼ਨਲ ਤੱਕ ਦੀਆਂ ਪ੍ਰਾਪਤੀਆਂ ਕੀਤੀਆਂ। ਉਸ ਨੂੰ ਵਿਦਿਆਰਥੀ ਜੀਵਨ ਵਿਚ ਬੈਸਟ ਸਪੀਕਰ, ਰਾਸ਼ਟਰੀ ਸੇਵਾ ਯੋਜਨਾ ਵਿਚ ਬੈਸਟ ਵਲੰਟੀਅਰ, ਡਿਸਿਪਲਿਨ ਦੀ ਪ੍ਰੈਜ਼ੀਡੈਂਟ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਹੋਏ ਹਨ।
ਡਾ. ਰਿਆੜ ਨੇ ਬੀ.ਏ., ਬੀ.ਐੱਡ., ਐੱਮ.ਏ., ਪੀਐੱਚ.ਡੀ. ਤੱਕ ਦੀ ਉਚੇਰੀ ਵਿੱਦਿਆ ਹਾਸਿਲ ਕੀਤੀ ਅਤੇ ਫਿਰ ਯੂ.ਜੀ.ਸੀ., ਜੇ.ਆਰ.ਐਫ ਅਤੇ ਪੀ.ਡੀ.ਐਫ ਜਿਹੀਆਂ ਫੈਲੋਸ਼ਿਪ ਵੀ ਪ੍ਰਾਪਤ ਕੀਤੀਆਂ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਸ ਦੀ ਵੱਡੀ ਪ੍ਰਾਪਤੀ ਪੜ੍ਹਾਈ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਹੋਰ ਪ੍ਰੋਗਾਰਮਾਂ ਵਿਚ ਮੰਚ ਸੰਚਾਲਨ ਦੀ ਅਹਿਮ ਜ਼ਿੰਮੇਵਾਰੀ ਨਿਭਾਉਣਾ ਹੈ। ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਉਸ ਨੇ ਅਕਾਸ਼ਵਾਣੀ ਰੇਡੀਓ ਜਲੰਧਰ, ਦੂਰਦਰਸ਼ਨ ਕੇਂਦਰ ਜਲੰਧਰ ਅਤੇ ਰੇਡੀਓ ਰੰਗ ਐਫ.ਐਮ. ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿਚ ਬਤੌਰ ਐਂਕਰ ਵੀ ਭੂਮਿਕਾ ਨਿਭਾਈ ਹੈ ਅਤੇ ਸਮੇਂ-ਸਮੇਂ 'ਤੇ ਮਾਹਿਰ ਵਿਦਵਾਨ ਵਜੋਂ ਵੀ ਨਿਰੰਤਰ ਕੰਮ ਕਰ ਰਹੀ ਹੈ।
ਡਾ. ਰਿਆੜ ਨੇ ਆਪਣੀ ਮਿਹਨਤ, ਸਮਰਪਣ ਅਤੇ ਸੰਘਰਸ਼ ਨਾਲ ਅੱਗੇ ਵਧ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਹ ਉਨ੍ਹਾਂ ਕੁੜੀਆਂ ਲਈ ਚਾਨਣ ਮੁਨਾਰਾ ਹੈ, ਜੋ ਪਿੰਡਾਂ ਵਿਚੋਂ ਉੱਠ ਕੇ ਵੱਡੀਆਂ ਮੰਜ਼ਿਲਾਂ ਪ੍ਰਾਪਤ ਕਰਨਾ ਚਾਹੁੰਦੀਆਂ ਹਨ। ਉਸ ਦਾ ਕਹਿਣਾ ਹੈ ਕਿ ਜੋ ਲੋਕ ਹਿੰਮਤ, ਦ੍ਰਿੜ੍ਹ ਨਿਸ਼ਚੇ ਅਤੇ ਸਾਫ਼ ਨੀਅਤ ਨਾਲ ਮਿਹਨਤ ਕਰਦੇ ਹਨ, ਮੰਜ਼ਿਲ ਉਨ੍ਹਾਂ ਕੋਲ ਆਪ ਚੱਲ ਕੇ ਆਉਂਦੀ ਹੈ ਤੇ ਫਿਰ ਜ਼ਮਾਨਾ ਉਨ੍ਹਾਂ ਦਾ ਸਤਿਕਾਰ ਕਰਦਾ ਹੈ।
-ਅੰਮ੍ਰਿਤਸਰ। ਮੋਬਾਈਲ : 98725-27771

Ad Position 22
No active advertisement
ਪਿਛਲੀ ਖ਼ਬਰ ਭੋਜਨ ਪਰੋਸਣ ਅਤੇ ਖਵਾਉਣ ਦੀ ਕਲਾ ਅਗਲੀ ਖ਼ਬਰ ਕੰਮਕਾਜੀ ਇਸਤਰੀ ਲਈ ਨੌਕਰੀ - ਉਡਾਰੀ ਜਾਂ ਲਾਚਾਰੀ
Ad Position 24
No active advertisement